ਟੈਲੀਵਿਜ਼ਨ ਅਦਾਕਾਰਾ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ‘ਚ ਆਖਰੀ ਸਾਹ ਲਿਆ। ਅਦਾਕਾਰਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ ‘ਉਡਾਨ’ ਅਤੇ ‘ਯੂਅਰ ਆਨਰ’ ਬਣਾ ਕੇ ਮਨੋਰੰਜਨ ਜਗਤ ਵਿਚ ਚੰਗੀ ਪਛਾਣ ਹਾਸਲ ਕੀਤੀ। ਖ਼ਬਰਾਂ ਮੁਤਾਬਕ ਅਦਾਕਾਰਾ ਦਾ ਅੰਤਿਮ ਸੰਸਕਾਰ 16 ਫਰਵਰੀ ਨੂੰ ਸ਼ਿਵਪੁਰੀ, ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਕਵਿਤਾ ਚੌਧਰੀ ਸੀਰੀਅਲ ‘ਉਡਾਨ’ ‘ਚ ਆਈਪੀਐਸ ਅਧਿਕਾਰੀ ਕਲਿਆਣੀ ਦੇ ਕਿਰਦਾਰ ਲਈ ਜਾਣੀ ਜਾਂਦੀ ਸੀ। ਇਸ ਤੋਂ ਇਲਾਵਾ ਕਵਿਤਾ ਨੇ ‘ਯੂਅਰ ਆਨਰ’ ਅਤੇ ‘IPS ਡਾਇਰੀਜ਼’ ਵਰਗੇ ਸ਼ੋਅ ਵੀ ਕੀਤੇ ਸਨ।ਕਵਿਤਾ ਚੌਧਰੀ, ਪੁਲਿਸ ਅਧਿਕਾਰੀ ਕੰਚਨ ਚੌਧਰੀ ਭੱਟਾਚਾਰੀਆ ਦੀ ਛੋਟੀ ਭੈਣ ਸੀ। ਇਸ ਤੋਂ ਇਲਾਵਾ ਕਵਿਤਾ ਸਰਫ ਦੇ ਇਸ਼ਤਿਹਾਰ ‘ਚ ਕੰਮ ਕਰਕੇ ਵੀ ਮਸ਼ਹੂਰ ਹੋ ਗਈ ਸੀ। 1980 ਦੇ ਅਖੀਰ ਵਿਚ ਰਿਲੀਜ਼ ਹੋਏ ਇਸ ਇਸ਼ਤਿਹਾਰ ਵਿਚ, ਉਸ ਨੇ ਘਰੇਲੂ ਔਰਤ ਲਲਿਤਾ ਜੀ ਦੀ ਭੂਮਿਕਾ ਨਿਭਾਈ ਸੀ। ਕਵਿਤਾ ਚੌਧਰੀ ਦਾ ਦਿਹਾਂਤ ਮਨੋਰੰਜਨ ਜਗਤ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਅਪਣੀ ਅਦਾਕਾਰੀ ਅਤੇ ਨਿਰਮਾਤਾ ਦੇ ਹੁਨਰ ਨਾਲ ਨਵੀਆਂ ਲੀਹਾਂ ਨੂੰ ਪਾਰ ਕੀਤਾ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਪਰਵਾਰ ਸੋਗ ਵਿਚ ਹਨ।