ਫਰੀਦਕੋਟ ਵਿਚ ਦੇਰ ਰਾਤ ਇਕ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ਉਤੇ ਜਾਨਲੇਵਾ ਹਮਲਾ ਕਰ ਦਿਤਾ। ਇਸ ਦੌਰਾਨ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ।ਮ੍ਰਿਤਕ ਦੀ ਪਛਾਣ ਡੋਗਰ ਬਸਤੀ ਵਾਸੀ ਪਰਵਿੰਦਰ ਸਿੰਘ (41) ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਪੁਲਿਸ ਦੀ ਟੀਮ ਦੇ ਨਾਲ ਡੀ.ਐਸ.ਪੀ. ਸ਼ਮਸ਼ੇਰ ਸਿੰਘ ਮੌਕੇ ’ਤੇ ਪਹੁੰਚੇ। ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਰਖਵਾਇਆ ਗਿਆ ਹੈ। ਡੋਗਰ ਬਸਤੀ ਦੀ ਰਹਿਣ ਵਾਲੀ ਔਰਤ ਨੇ ਦਸਿਆ ਕਿ ਉਸ ਦੇ ਲੜਕੇ ਪਰਵਿੰਦਰ ਦਾ ਵਿਆਹ ਸਾਲ 2007 ਵਿਚ ਹੋਇਆ ਸੀ। ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਨੂੰਹ ਸੰਦੀਪ ਨਾਂਅ ਦੇ ਵਿਅਕਤੀ ਨਾਲ ਘਰੋਂ ਚਲੀ ਗਈ ਅਤੇ ਉਸ ਨਾਲ ਰਹਿਣ ਲੱਗੀ। ਕੁੱਝ ਦਿਨ ਪਹਿਲਾਂ ਹੀ ਉਹ ਘਰ ਪਰਤੀ ਸੀ।ਐਤਵਾਰ ਰਾਤ ਨੂੰ ਪਰਵਾਰਕ ਮੈਂਬਰ ਘਰ ‘ਚ ਮੌਜੂਦ ਸਨ। ਸੰਦੀਪ ਅਪਣੇ ਸਾਥੀਆਂ ਨਾਲ ਮਿਲ ਕੇ ਦਰਵਾਜ਼ਾ ਤੋੜ ਕੇ ਘਰ ਵਿਚ ਅੰਦਰ ਦਾਖ਼ਲ ਹੋ ਗਿਆ। ਉਨ੍ਹਾਂ ਨੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਉਸ ਨੇ ਪਰਵਿੰਦਰ ਅਤੇ ਨੂੰਹ ‘ਤੇ ਹਮਲਾ ਕਰ ਦਿਤਾ। ਲੜਾਈ ‘ਚ ਪਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਵਿੰਦਰ ਸਿੰਘ ਘਰ ਦਾ ਇਕਲੌਤਾ ਕਮਾਊ ਮੈਂਬਰ ਸੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜ਼ਖਮੀ ਮਹਿਲਾ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਸੰਦੀਪ ਨਾਲ ਚਲੀ ਗਈ ਸੀ। ਕੁੱਝ ਸਮਾਂ ਪਹਿਲਾਂ ਹੀ ਉਹ ਵਾਪਸ ਆਈ ਸੀ। ਇਸ ਮਗਰੋਂ ਸੰਦੀਪ ਨੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਉਤੇ ਹਮਲਾ ਕਰ ਦਿਤਾ। ਪੁਲਿਸ ਨੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਜਾਂਚ ਸ਼ੁਰੂ ਕਰ ਦਿਤੀ ਹੈ