ਪੰਜਾਬ ਦੇ ਜਲੰਧਰ ਵਿਖੇ ਮਿਲਾਪ ਚੌਕ ਨੇੜੇ ਇੱਕ ਇਲੈਕਟ੍ਰਾਨਿਕ ਸ਼ੋਅਰੂਮ ‘ਚ ਚੋਰਾਂ ਨੇ ਦਾਖਲ ਹੋ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੁਲਜ਼ਮ ਚੋਰੀ ਕਰਦੇ ਨਜ਼ਰ ਆ ਰਹੇ ਹਨ। ਚੋਰੀ ਹੋਣ ਕਾਰਨ ਦੁਕਾਨਦਾਰ ਦਾ ਕਰੀਬ 3.25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ-3 ਦੀ ਪੁਲਿਸ ਘਟਨਾ ਵਾਲੀ ਥਾਂ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਪੁਲਿਸ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਊਸ਼ਾ ਪੈਲੇਸ ਦੇ ਮਾਲਕ ਅਭਿਨਵ ਗੁਪਤਾ ਨੇ ਦੱਸਿਆ ਕਿ CCTV ਵਿੱਚ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੁਕਾਨ ‘ਤੇ ਇਹ ਘਟਨਾ ਸਵੇਰੇ ਕਰੀਬ 4.15 ਵਜੇ ਵਾਪਰੀ। ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਤਿੰਨ ਦੇ ਕਰੀਬ ਚੋਰ ਚੋਰੀ ਕਰਨ ਆਏ ਸਨ। ਜਿਵੇਂ ਹੀ ਮੁਲਜ਼ਮ ਉੱਥੇ ਪਹੁੰਚੇ, ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਆਂਢੀਆਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਜਿਸ ਤੋਂ ਬਾਅਦ ਦੋਸ਼ੀ ਸ਼ਟਰ ਚੁੱਕ ਕੇ ਅੰਦਰ ਵੜ ਗਏ। ਦੋਸ਼ੀ ਕਰੀਬ ਤਿੰਨ ਤੋਂ ਚਾਰ ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਹੇ। ਅਭਿਨਵ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਦੁਕਾਨ ‘ਚੋਂ 3.25 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ। ਮੁਲਜ਼ਮਾਂ ਨੇ ਜਾਂਦੇ ਸਮੇਂ ਸ਼ਟਰ ਥੱਲੇ ਕਰ ਦਿੱਤਾ। ਜਦੋਂ ਉਹ ਸਵੇਰੇ 10.45 ਵਜੇ ਦੁਕਾਨ ‘ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸਨੇ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰਲਾ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਸਭ ਕੁਝ ਖਿਲਰਿਆ ਹੋਇਆ ਸੀ। ਗੁਪਤਾ ਨੇ ਦੱਸਿਆ ਕਿ ਉਕਤ ਪੈਸੇ ਦੁਕਾਨ ‘ਚ ਰੱਖੇ ਹੋਏ ਸਨ ਕਿਉਂਕਿ ਇਹ ਸੋਮਵਾਰ ਨੂੰ ਬੈਂਕ ‘ਚ ਜਮ੍ਹਾ ਕਰਵਾਉਣੇ ਸਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਕਰਨਗੇ।