ਅੰਮ੍ਰਿਤਸਰ ਜੇਲ ‘ਚੋਂ ਮਿਲੇ 45 ਮੋਬਾਈਲ ਫੋਨ ਤੇ 31 ਸਿਮ ਕਾਰਡ, ਇਕ ਵਾਰ ਫਿਰ ਪ੍ਰਸ਼ਾਸਨ ‘ਤੇ ਉੱਠੇ ਸਵਾਲ

ਅੰਮ੍ਰਿਤਸਰ ਕੇਂਦਰੀ ਜੇਲ ਵਿਚੋਂ ਚੈਕਿੰਗ ਦੌਰਾਨ 45 ਮੋਬਾਈਲ ਬਰਾਮਦ ਹੋਏ ਹਨ। ਇਸਲਾਮਾਬਾਦ ਪੁਲਿਸ ਸਟੇਸ਼ਨ ਨੇ 46 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜੇਲ ਸੁਪਰਡੈਂਟ ਨਰੇਸ਼ ਪਾਲ ਦੀ ਸ਼ਿਕਾਇਤ ’ਤੇ ਕੇਂਦਰੀ ਜੇਲ ਵਿਚ ਬੰਦ 46 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 36 ਕੈਦੀ ਅੰਮ੍ਰਿਤਸਰ ਦੇ ਵਸਨੀਕ ਹਨ। ਛੇ ਅਪਰਾਧੀ ਤਰਨਤਾਰਨ ਦੇ ਵਸਨੀਕ ਹਨ, ਜਦਕਿ ਦੋ ਮੋਗਾ, ਇੱਕ ਹਰਿਆਣਾ ਅਤੇ ਇੱਕ ਗੁਰਦਾਸਪੁਰ ਦੇ ਵਸਨੀਕ ਹਨ। ਦੋਸ਼ੀਆਂ ਕੋਲੋਂ 25 ਟੱਚ ਫੋਨ ਅਤੇ 20 ਕੀਪੈਡ ਫੋਨ ਬਰਾਮਦ ਹੋਏ ਹਨ। ਇਨ੍ਹਾਂ ਦੋਸ਼ੀਆਂ ਕੋਲੋਂ ਮੋਬਾਈਲ ਫੋਨਾਂ ਤੋਂ ਇਲਾਵਾ 31 ਸਿਮ ਕਾਰਡ, 200 ਬੰਡਲ ਬੀੜੀਆਂ, 16 ਪੈਕਟ ਤੰਬਾਕੂ, 10 ਪੈਕਟ ਕੂਲਲਿਪ, 1 ਚਾਰਜਿੰਗ ਅਡਾਪਟਰ, 4 ਹੀਟਰ ਸਪ੍ਰਿੰਗਜ਼ ਅਤੇ 1 ਨੋਕੀਆ ਚਾਰਜਰ ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇਸਲਾਮਾਬਾਦ ਦੇ ਏ.ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ ਦੇ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚਦੇ ਹਨ, ਕਿਉਂਕਿ ਜਦੋਂ ਵੀ ਕਿਸੇ ਅਪਰਾਧੀ ਨੂੰ ਥਾਣੇ ਤੋਂ ਜੇਲ ਭੇਜਿਆ ਜਾਂਦਾ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਚੈਕ ਕਰਕੇ ਜੇਲ ਭੇਜਿਆ ਜਾਂਦਾ ਹੈ | ਉਸ ਦੀ ਜੇਬ ਵਿਚ ਇਕ ਸੂਈ ਵੀ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਕੁਝ ਅਪਰਾਧੀਆਂ ਨਾਲ ਗੱਲਬਾਤ ਕਰਨ ‘ਤੇ ਸੂਚਨਾ ਮਿਲੀ ਸੀ ਕਿ ਜ਼ਮਾਨਤ ‘ਤੇ ਰਿਹਾਅ ਹੋਏ ਦੋਸ਼ੀਆਂ ਨੇ ਜਾਂਦੇ ਸਮੇਂ ਆਪਣੇ ਮੋਬਾਈਲ ਫੋਨ ਕਿਸੇ ਹੋਰ ਕੈਦੀਆਂ ਨੂੰ ਦੇ ਦਿਤੇ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੋਬਾਈਲ ਫੋਨ ਉਨ੍ਹਾਂ ਕੋਲ ਕਿਵੇਂ ਪਹੁੰਚੇ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਇਸ ਦਾ ਹੱਲ ਲੱਭ ਲਿਆ ਜਾਵੇਗਾ।

Leave a Reply

Your email address will not be published. Required fields are marked *