ਕੈਪਟਨ ਅਮਰਿੰਦਰ PM ਮੋਦੀ ਨਾਲ ਕਰਨਗੇ ਮੁਲਾਕਾਤ, ਅੱਜ ਸ਼ਾਮ ਦਿੱਲੀ ਵਿਖੇ ਹੋਵੇਗੀ ਮੀਟਿੰਗ

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਹ ਮੁਲਾਕਾਤ ਸ਼ਾਮ ਨੂੰ ਦਿੱਲੀ ਵਿਖੇ ਕੀਤੀ ਜਾਵੇਗੀ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਪੀਐੱਮ ਮੋਦੀ ਤੇ ਕੈਪਟਨ ਵਿਚਾਲੇ ਹੋਣ ਵਾਲੀ ਇਹ ਮੀਟਿੰਗ ਕਿਸਾਨਾਂ ਲਈ ਕੋਈ ਚੰਗਾ ਸੁਨੇਹਾ ਲਿਆ ਸਕਦੀ ਹੈ। ਦੱਸ ਦੇਈਏ ਕਿ ਕੇਂਦਰੀ ਮੰਤਰੀਆਂ ਨੇ 3 ਫਸਲਾਂ ਮੱਕੀ, ਕਪਾਹ ਅਤੇ ਦਾਲਾਂ (ਅਰਹਰ ਅਤੇ ਉੜਦ) ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ। ਕੇਂਦਰ ਦੇ ਇਸ ਪ੍ਰਸਤਾਵ ‘ਤੇ ਮੀਟਿੰਗ ‘ਚ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਾਰੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮੰਗਲਵਾਰ ਯਾਨੀ ਭਲਕੇ ਅੰਤਿਮ ਫੈਸਲਾ ਦੇਣਗੇ। ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਆਪਣੇ ਫੋਰਮ ਅਤੇ ਮਾਹਿਰਾਂ ਨਾਲ ਸਰਕਾਰ ਦੇ ਪ੍ਰਸਤਾਵ (ਐੱਮ.ਐੱਸ.ਪੀ.) ‘ਤੇ ਚਰਚਾ ਕਰਾਂਗੇ ਅਤੇ ਫਿਰ ਕਿਸੇ ਨਤੀਜੇ ‘ਤੇ ਪਹੁੰਚਾਂਗੇ।ਇਸ ਦੀ ਜਾਣਕਾਰੀ ਕੈਪਟਨ ਵੱਲੋਂ ਇਕ ਟੀਵੀ ਚੈਨਲ ਉਤੇ ਇੰਟਰਵਿਊ ਦੌਰਾਨ ਦਿੱਤੀ ਗਈ ਤੇ ਨਾਲ ਹੀ ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਦਾ ਜ਼ਿਕਰ ਵੀ ਕੀਤਾ। ਦੂਜੇ ਪਾਸੇ ਪੀਐੱਮ ਮੋਦੀ ਨਾਲ ਕੈਪਟਨ ਦੀ ਇਸ ਮੁਲਾਕਾਤ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਸਾਨੀ ਮਸਲੇ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ। ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਦੱਸੇ ਜਾਂਦੇ ਹਨ ਤੇ ਇਸ ਤੋਂ ਪਹਿਲਾਂ ਵੀ ਪਿਛਲੇ ਕਿਸਾਨੀ ਅੰਦੋਲਨ ਵਿਚ ਕੈਪਟਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ।

Leave a Reply

Your email address will not be published. Required fields are marked *