ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਕੋਲ ਅਕਾਦਮਿਕ ਸੈਸ਼ਨ 2025-26 ਤੋਂ ਦੋ ਵਾਰ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਹੋਵੇਗਾ। ਪ੍ਰਧਾਨ ਛੱਤੀਸਗੜ੍ਹ ‘ਚ ‘ਪੀਐੱਮ ਸ਼੍ਰੀ’ (ਪ੍ਰਾਈਮ ਮਿਨਿਸਟਰ ਸਕੂਲ ਫਾਰ ਰਾਈਜ਼ਿੰਗ ਇੰਡੀਆ) ਯੋਜਨਾ ਨੂੰ ਲਾਂਚ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਕੇਂਦਰ ਦੀ ਯੋਜਨਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਨੇ ਕਿਹਾ ਕਿ ਅਕਾਦਮਿਕ ਸੈਸ਼ਨ 2025-26 ਤੋਂ, ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਦੋ ਵਾਰ ਬੈਠਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖਣਾ, ਉਨ੍ਹਾਂ ਨੂੰ ਗੁਣਾਂ ਨਾਲ ਨਿਖਾਰਨਾ, ਸੱਭਿਆਚਾਰ ਨਾਲ ਜੋੜੀ ਰੱਖਣਾ ਅਤੇ ਭਵਿੱਖ ਲਈ ਤਿਆਰ ਕਰਨਾ ਹੈ ਅਤੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਇਹੀ ਫਾਰਮੂਲਾ ਹੈ।