ਹੱਦਾਂ ਸੀਲ ਹੋਣ ਕਾਰਨ ਪੰਜਾਬ ਵਿਚ ਹੁਣ ਤਕ ਉਦਯੋਗਾਂ ਨੂੰ ਅੰਦਾਜ਼ਨ 2000 ਕਰੋੜ ਦਾ ਨੁਕਸਾਨ!

ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ-ਐਮਐਸਪੀ, ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਬੰਦ ਕੀਤੀਆਂ ਹੱਦਾਂ ਕਾਰਨ ਜਿਥੇ ਆਮ ਆਦਮੀ ਪ੍ਰਭਾਵਿਤ ਹੈ। ਇਸ ਦੇ ਨਾਲ ਹੀ ਸੂਬੇ ਦੀ ਇੰਡਸਟਰੀ ਉਤੇ ਵੀ ਇਸ ਦੀ ਮਾਰ ਪੈ ਰਹੀ ਹੈ। ਉੱਦਮੀਆਂ ਦਾ ਦਾਅਵਾ ਹੈ ਕਿ ਇਕ ਪਾਸੇ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਦੂਜੇ ਪਾਸੇ ਦੂਜੇ ਸੂਬਿਆਂ ਤੋਂ ਖਰੀਦਦਾਰ ਵੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੇ ਹਨ। ਨਤੀਜੇ ਵਜੋਂ ਨਵੇਂ ਆਰਡਰ ਲੈਣ ਵਿਚ ਦਿੱਕਤ ਆ ਰਹੀ ਹੈ ਅਤੇ ਪਹਿਲਾਂ ਹੀ ਦਿਤੇ ਗਏ ਆਰਡਰ ਵੀ ਰੱਦ ਕੀਤੇ ਜਾ ਰਹੇ ਹਨ।ਇਸ ਕਾਰਨ ਉੱਦਮੀ ਉਦਯੋਗਾਂ ਨੂੰ ਹੁਣ ਤਕ 2,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾ ਰਹੇ ਹਨ। ਇਸ ਤੋਂ ਇਲਾਵਾ ਮਾਲ ਭਾੜੇ ਵਿਚ ਵੀ ਦਸ ਫ਼ੀ ਸਦੀ ਤਕ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਵਿੱਤੀ ਸਾਲ ਖਤਮ ਹੋਣ ਵਾਲਾ ਹੈ, ਇਸ ਲਈ ਬਰਾਮਦ ਦੇ ਟੀਚੇ ਨੂੰ ਪੂਰਾ ਕਰਨਾ ਉੱਦਮੀਆਂ ਲਈ ਔਖਾ ਸਾਬਤ ਹੋ ਰਿਹਾ ਹੈ। ਉੱਦਮੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਅੰਦੋਲਨ ਲੰਬੇ ਸਮੇਂ ਤਕ ਜਾਰੀ ਰਿਹਾ ਤਾਂ ਸੂਬੇ ਦੀ ਇੰਡਸਟਰੀ ਪਟੜੀ ਤੋਂ ਉਤਰ ਸਕਦੀ ਹੈ। ਅਜਿਹੇ ਵਿਚ ਉੱਦਮੀਆਂ ਨੇ ਵੀ ਸਰਕਾਰ ਨੂੰ ਅੰਦੋਲਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ ਸੂਖਮ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਗੜ੍ਹ ਹੈ। ਇਥੇ ਇਕ ਲੱਖ ਤੋਂ ਵੱਧ ਛੋਟੀਆਂ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਹਨ। ਲੁਧਿਆਣਾ ਵਿਚ ਮੁੱਖ ਤੌਰ ‘ਤੇ ਹੌਜ਼ਰੀ, ਟੈਕਸਟਾਈਲ ਅਤੇ ਇੰਜੀਨੀਅਰਿੰਗ ਉਦਯੋਗਾਂ ਦਾ ਦਬਦਬਾ ਹੈ। ਇੰਜਨੀਅਰਿੰਗ ਵਿਚ, ਸੈਕੰਡਰੀ ਸਟੀਲ ਨਿਰਮਾਤਾ, ਸਾਈਕਲ ਅਤੇ ਸਾਈਕਲ ਦੇ ਹਿੱਸੇ, ਹੈਂਡ ਟੂਲ, ਮਸ਼ੀਨ ਟੂਲ, ਸਿਲਾਈ ਮਸ਼ੀਨ, ਫਾਸਟਨਰ, ਆਟੋ ਪਾਰਟਸ, ਡੀਜ਼ਲ ਇੰਜਣ ਦੇ ਪਾਰਟਸ, ਆਦਿ ਪ੍ਰਮੁੱਖ ਹਨ।ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟਰਜ਼ ਆਰਗੇਨਾਈਜ਼ੇਸ਼ਨ-ਐਫਆਈਈਓ ਦੇ ਸਾਬਕਾ ਕੌਮੀ ਪ੍ਰਧਾਨ ਐਸਸੀ ਰਲਹਨ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੇ ਬਰਾਮਦਕਾਰਾਂ ਦੀ ਵੀ ਨੀਂਦ ਉਡਾ ਦਿਤੀ ਹੈ। ਇਕ ਪਾਸੇ ਕੱਚਾ ਮਾਲ ਸਮੇਂ ਸਿਰ ਨਹੀਂ ਮਿਲਦਾ। ਦੂਜੇ ਪਾਸੇ ਮਾਲ ਭਾੜੇ ਵਿਚ ਵੀ ਦਸ ਫੀ ਸਦੀ ਵਾਧਾ ਹੋਇਆ ਹੈ। ਇਸ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਨ੍ਹਾਂ ਹਾਲਾਤਾਂ ‘ਚ ਬਰਾਮਦ ਟੀਚੇ ਨੂੰ ਪੂਰਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਨਿਟਵੀਅਰ ਐਂਡ ਟੈਕਸਟਾਈਲ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਦਾ ਕਹਿਣਾ ਹੈ ਕਿ ਹੌਜ਼ਰੀ ਵਿਚ ਗਰਮੀ ਦਾ ਮੌਸਮ ਅਪਣੇ ਸਿਖਰ ’ਤੇ ਹੈ। ਇਸ ਵਾਰ ਪਿਛਲੇ ਸਾਲ ਨਾਲੋਂ ਆਰਡਰ ਵਧੀਆ ਰਹੇ ਪਰ ਬਾਰਡਰ ਸੀਲ ਹੋਣ ਕਾਰਨ ਦੂਜੇ ਸੂਬਿਆਂ ਤੋਂ ਖਰੀਦਦਾਰ ਨਹੀਂ ਆ ਰਹੇ ਹਨ। ਹੌਜ਼ਰੀ ਕਾਰੋਬਾਰੀਆਂ ਵਿਚ ਸਹਿਮ ਦਾ ਮਾਹੌਲ ਹੈ।

Leave a Reply

Your email address will not be published. Required fields are marked *