ਦਿੱਲੀ ਕੂਚ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਨੌਜਵਾਨ ਦੀ ਮੌਤ; ਟੋਹਾਣਾ ਬਾਰਡਰ ‘ਤੇ ਤਾਇਨਾਤ SI ਦੀ ਵੀ ਮੌਤ

ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਥਾਵਾਂ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਣਾਅ ਦੀਆਂ ਖ਼ਬਰਾਂ ਵੀ ਰਹੀਆਂ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ ਗਏ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ (ਕੇ.ਐਮ.ਐਮ.) ਦੇ ਕੋਆਰਡੀਨੇਟਰ ਸਰਵਨ ਸਿੰਘ ਪੰਧੇਰ ਨੇ ਦਸਿਆ ਕਿ ਖਨੌਰੀ ਸਰਹੱਦ ‘ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਬਠਿੰਡਾ ਦੇ ਪਿੰਡ ਭੱਲੋ ਵਾਸੀ ਸ਼ੁਭਕਰਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਹਾਲਾਂਕਿ ਪੁਲਿਸ ਜਾਂ ਪ੍ਰਸ਼ਾਸਨ ਨੇ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਟੋਹਾਣਾ ਬਾਰਡਰ ‘ਤੇ ਤਾਇਨਾਤ ਐਸਆਈ ਵਿਜੇ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।ਪੰਜਾਬ ਦੇ ਕਿਸਾਨਾਂ ਦਾ ‘ਦਿੱਲੀ ਚੱਲੋ’ ਮਾਰਚ ਸ਼ੰਭੂ ਬਾਰਡਰ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਖਨੌਰੀ ਹੱਦ ਤੋਂ ਵੀ ਹਰਿਆਣਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਇਸ ਦੌਰਾਨ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਦੀਆਂ ਵੀ ਖ਼ਬਰਾਂ ਹਨ। ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਨੂੰ ਮਾਸਕ, ਦਸਤਾਨੇ ਅਤੇ ਸੁਰੱਖਿਆ ਸੂਟ ਵੰਡੇ ਗਏ।ਦਿੱਲੀ ਕੂਚ ਕਰਨ ਤੋਂ ਪਹਿਲਾਂ ਸ਼ੰਭੂ ਹੱਦ ‘ਤੇ ਅਰਦਾਸ ਕੀਤੀ ਗਈ। ਦੂਜੇ ਪਾਸੇ ਸ਼ੰਭੂ ਅਤੇ ਖਨੌਰੀ ਹੱਦ ‘ਤੇ ਸੁਰੱਖਿਆ ਬਲ ਅਲਰਟ ‘ਤੇ ਹਨ। ਇਥੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਹਨ। ਅੱਥਰੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਕਿਸਾਨਾਂ ਨੇ ਵਿਸ਼ੇਸ਼ ਮਾਸਕ ਅਤੇ ਈਅਰ ਬਡਜ਼ ਪਹਿਨੇ।

Leave a Reply

Your email address will not be published. Required fields are marked *