ਬੁੱਧਵਾਰ ਸਵੇਰੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਸਕਰੈਪ ਨਾਲ ਭਰਿਆ ਕੰਟੇਨਰ ਜੀਟੀ ਰੋਡ ’ਤੇ ਜਾ ਰਹੀ ਕਾਰ ’ਤੇ ਅਚਾਨਕ ਪਲਟ ਗਿਆ। ਹਾਦਸੇ ਦੌਰਾਨ ਕਾਰ ‘ਚ ਔਰਤ ਤੇ ਉਸ ਦੀ ਬੇਟੀ ਕਾਰ ’ਚ ਸਵਾਰ ਸਨ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੋਕਾਂ ਵੱਲੋਂ ਕਾਰ ’ਚੋਂ ਮਾਂ ਤੇ ਉਸਦੀ ਬੇਟੀ ਨੂੰ ਫੁਰਤੀ ਨਾਲਬਾਹਰ ਕੱਢਿਆ। ਔਰਤ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਿਚਾ ਗੁਪਤਾ ਵਾਸੀ ਨਵੀਂ ਆਬਾਦੀ ਖੰਨਾ ਆਪਣੀ ਬੇਟੀ ਦਾਮਿਨੀ ਨੂੰ ਗੋਬਿੰਦਗੜ੍ਹ ਪਬਲਿਕ ਸਕੂਲ ‘ਚ ਛੱਡਣ ਜਾ ਰਹੀ ਸੀ। ਜਦੋਂ ਕਾਰ ਸ਼ਨੀ ਮੰਦਰ ਨੇੜੇ ਸਰਵਿਸ ਲੇਨ ਤੋਂ ਨੈਸ਼ਨਲ ਹਾਈਵੇ ‘ਤੇ ਦਾਖਲ ਹੋਈ ਤਾਂ ਪਿੱਛੇ ਤੋਂ ਆ ਰਹੇ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕੰਟੇਨਰ ਦਾ ਅਗਲਾ ਹਿੱਸਾ ਕਾਰ ‘ਤੇ ਪਲਟ ਗਿਆ ਅਤੇ ਸਕਰੈਪ ਨਾਲ ਭਰਿਆ ਪਿਛਲਾ ਕੰਟੇਨਰ ਸੜਕ ‘ਤੇ ਪਲਟ ਗਿਆ।ਰਿਚਾ ਦੇ ਪਤੀ ਸੁਮਿਤ ਗੁਪਤਾ ਨੇ ਦੱਸਿਆ ਕਿ ਇਹ ਹਾਦਸਾ ਕੰਟੇਨਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਰੋਡ ਸੇਫਟੀ ਫੋਰਸ ਨੂੰ ਵੀ ਬੁਲਾਇਆ ਗਿਆ। ਸਭ ਤੋਂ ਪਹਿਲਾਂ ਸੜਕ ਨੂੰ ਸਾਫ਼ ਕੀਤਾ ਗਿਆ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।