ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ, IPL 22 ਮਾਰਚ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਚੇਨਈ ਵਿੱਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਵੀਰਵਾਰ ਨੂੰ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਲੋਕ ਸਭਾ ਚੋਣਾਂ ਕਾਰਨ ਬਾਕੀ ਮੈਚਾਂ ਦਾ ਸ਼ਡਿਊਲ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਚੇਨਈ ਦੀ ਟੀਮ ਰਿਕਾਰਡ ਨੌਵੀਂ ਵਾਰ ਕਿਸੇ ਵੀ ਆਈਪੀਐਲ ਸੀਜ਼ਨ ਦਾ ਪਹਿਲਾ ਮੈਚ ਖੇਡੇਗੀ। ਇਸ ਤੋਂ ਪਹਿਲਾਂ ਟੀਮ 2009, 2011, 2012, 2018, 2019, 2020, 2022 ਅਤੇ 2023 ਵਿੱਚ ਉਦਘਾਟਨੀ ਮੈਚ ਖੇਡ ਚੁੱਕੀ ਹੈ। ਦਿੱਲੀ ਕੈਪੀਟਲਜ਼ ਆਪਣੇ ਪਹਿਲੇ ਦੋ ਮੈਚ ਵਿਸ਼ਾਖਾਪਟਨਮ ਵਿੱਚ ਖੇਡੇਗੀ। ਮਹਿਲਾ ਪ੍ਰੀਮੀਅਰ ਲੀਗ ਦਾ ਫਾਈਨਲ ਦਿੱਲੀ ਵਿੱਚ ਖੇਡਿਆ ਜਾਵੇਗਾ, ਉਸ ਤੋਂ ਤੁਰੰਤ ਬਾਅਦ ਆਈਪੀਐਲ ਲਈ ਮੈਦਾਨ ਤਿਆਰ ਕਰਨ ਵਿੱਚ ਸਮਾਂ ਲੱਗੇਗਾ। ਇਸ ਕਾਰਨ ਦਿੱਲੀ ਦੇ ਪਹਿਲੇ ਦੋ ਮੈਚ ਵਿਸ਼ਾਖਾਪਟਨਮ ਵਿੱਚ ਹੋਣਗੇ। ਇਸ ਸਾਲ ਦੇਸ਼ ‘ਚ ਹੋਣ ਵਾਲੀਆਂ ਆਮ ਚੋਣਾਂ ਦੇ ਕਾਰਨ IPL ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਹੁਣ 15 ਦਿਨਾਂ ਦਾ ਪ੍ਰੋਗਰਾਮ ਸਾਹਮਣੇ ਆਇਆ ਹੈ। ਬਾਕੀ ਮੈਚਾਂ ਦਾ ਸ਼ਡਿਊਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਹੈ ਕਿ ਪੂਰਾ ਟੂਰਨਾਮੈਂਟ ਭਾਰਤ ਵਿੱਚ ਹੀ ਕਰਵਾਇਆ ਜਾਵੇਗਾ। ਸਿਰਫ 2009 ਵਿੱਚ ਆਈਪੀਐਲ ਪੂਰੀ ਤਰ੍ਹਾਂ ਵਿਦੇਸ਼ (ਦੱਖਣੀ ਅਫਰੀਕਾ) ਵਿੱਚ ਖੇਡਿਆ ਗਿਆ ਸੀ, ਜਦੋਂ ਕਿ 2014 ਵਿੱਚ ਆਮ ਚੋਣਾਂ ਦੇ ਕਾਰਨ ਯੂਏਈ ਵਿੱਚ ਕੁਝ ਮੈਚ ਖੇਡੇ ਗਏ ਸਨ। ਹਾਲਾਂਕਿ, 2019 ਵਿੱਚ ਆਮ ਚੋਣਾਂ ਦੇ ਬਾਵਜੂਦ ਟੂਰਨਾਮੈਂਟ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਦੇਖਦੇ ਹੋਏ ਕਿ ਟੀ-20 ਵਿਸ਼ਵ ਕੱਪ ਆਈਪੀਐਲ ਖਤਮ ਹੋਣ ਤੋਂ ਕੁਝ ਦਿਨ ਬਾਅਦ ਹੀ ਸ਼ੁਰੂ ਹੋਵੇਗਾ, ਫਾਈਨਲ 26 ਮਈ ਨੂੰ ਹੋਣ ਦੀ ਸੰਭਾਵਨਾ ਹੈ।