ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ; ਪੰਜਾਬ ਸਰਕਾਰ ਵਲੋਂ ਇਕ ਕਰੋੜ ਅਤੇ ਸਰਕਾਰੀ ਨੌਕਰੀ ਦਾ ਐਲਾਨ

ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੌਰਾਨ ਖਨੌਰੀ ਬਾਰਡਰ ਉਤੇ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਸ਼ਹੀਦ ਦਾ ਦਰਜਾ ਦਿਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਵਿਰੁਧ ਕਾਰਵਾਈ ਦਾ ਵੀ ਭਰੋਸਾ ਦਿਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਵਰ ਨੂੰ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ। ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ…ਫਰਜ਼ ਨਿਭਾ ਰਹੇ ਹਾਂ..”। ਖਨੌਰੀ ਬਾਰਡਰ ‘ਤੇ ਕਿਸਾਨ ਹਿਤਾਂ ਲਈ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਘਰ ਅਤੇ ਉਸ ਦੇ ਪਿੰਡ ਬੱਲ੍ਹੋ (ਬਠਿੰਡਾ) ਦੀ ਫ਼ਿਜ਼ਾ ਘੋਰ ਉਦਾਸ ਹੈ। ਅਫਸੋਸ ਅਤੇ ਹਮਦਰਦੀ ਕਰਨ ਵਾਲਿਆਂ ਦਾ ਤਾਂਤਾ ਨਹੀਂ ਟੁੱਟ ਰਿਹਾ। ਦੁਖ ਸਾਂਝਾ ਕਰਨ ਆਏ ਲੋਕ ਗੱਲਾਂ ਕਰਦੇ ਹਨ ਕਿ ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਇੱਜ਼ਤ ਆਬਰੂ ਲਈ ਡਟਿਆ ਰਿਹਾ( ਜੋ ਹੁਣ ਨਹੀਂ ਰਿਹਾ)ਤੇ ਦਾਦੇ ਦਾ ਪੋਤਾ ਖੁਦ ਸ਼ੁਭਕਰਨ ਸਿੰਘ ਅੰਤਰਰਾਜੀ ਹੱਦਾਂ ਤੇ ਅੰਨਦਾਤੇ ਦੀ ਖ਼ਾਤਰ ਮਹਿਜ਼ 21ਸਾਲਾਂ ਵਿਚ ਕੁਰਬਾਨ ਹੋ ਗਿਆ। ’’ਜੈ ਜਵਾਨ ਜੈ ਕਿਸਾਨ’ ਦਾ ਪ੍ਰਤੀਕ ਬਣ ਗਿਆ ਹੈ ਸ਼ੁਭਕਰਨ ਦਾ ਘਰ। ਸ਼ੁਭ ਦੀ ਮੌਤ ਪਰਵਾਰ ਲਈ ਆਫਤ ਬਣੀ ਹੈ। ਸ਼ੁਭ ਅਜੇ ਪ੍ਰਾਇਮਰੀ ਦਾ ਹੀ ਵਿਦਿਆਰਥੀ ਸੀ ਕਿ ਮਾਂ ਬਲਵਿੰਦਰ ਕੌਰ ਦਾ ਸਾਇਆ ਉੱਠ ਗਿਆ। ਦੋ ਭੈਣਾਂ ਦੇ ਭਰਾ ਸੁਭਕਰਨ ਸਿੰਘ ਦੀ ਪੜ੍ਹਨ ਦੀ ਤਾਂਘ ਵੀ ਘਰ ਦੀ ਗ਼ੁਰਬਤ ਅਤੇ ਕਬੀਲਦਾਰੀ ਨੇ ਝੰਬੀ ਰੱਖੀ ਤੇ ਦਸਵੀਂ ਪੜ੍ਹਦਿਆਂ ਹੀ ਸਕੂਲ ਤਿਆਗਣਾ ਪਿਆ। ਕਬੀਲਦਾਰੀ ਰਵਾਂ ਕਰਨ ਲਈ ਢਾਈ ਏਕੜ ਭੋਂਇ ‘ਚ ਪਿਓ ਅਤੇ ਦਾਦੇ ਨਾਲ ਮਿੱਟੀ ਨਾਲ ਮਿੱਟੀ ਹੋਇਆ ਸੁਭਕਰਨ ਸਿੰਘ, ਪਰ ਪੰਜ ਵਰ੍ਹੇ ਪਹਿਲਾਂ ਵੱਡੀ ਭੈਣ ਜਸਪ੍ਰੀਤ ਕੌਰ ਦੇ ਹੱਥ ਪੀਲੇ ਕਰਨ ਵੇਲੇ ਅੱਧੀ ਜ਼ਮੀਨ ਗਹਿਣੇ ਹੋ ਗਈ। ਪਰਵਾਰ ਸਿਰ ਪਿੰਡ ਦੀ ਬੈਂਕ ਸਮੇਤ, ਕੁੱਲ,18 ਲੱਖ ਰੁਪਏ ਦਾ ਕਰਜ਼ਾ ਹੈ। ਵੱਡੀ ਭੈਣ ਜਸਪ੍ਰੀਤ ਕੌਰ ਦੇ ਨਾਲ ਬੈਠੀ ਉਸ ਦੀ ਛੋਟੀ ਭੈਣ ਨੇ ਦਸਿਆ ਕਿ 13 ਫਰਵਰੀ ਨੂੰ ਦੋ ਦਿਨਾਂ ਲਈ ਜਾਣ ਨੂੰ ਕਹਿ ਕੇ ਉਸ ਦਾ ਭਰਾ ਘਰੋਂ ਰਵਾਨਾ ਹੋਇਆ ਸੀ,ਪਰ ਉਹ ਮੁੜ ਨਹੀਂ ਆਇਆ, ਉਸ ਨੂੰ ਇਸ ਗੱਲ ਦਾ ਡਾਹਢਾ ਝੋਰਾ ਸੀ। ਉਸ ਨੂੰ ਇਹ ਵੀ ਝੋਰਾ ਸੀ ਕਿ ਬਾਰਡਰ ਉਤੇ ਗਿਆ ਉਸ ਦਾ ਭਰਾ ਫ਼ੋਨ ਨੀ ਸੀ ਅਟੈਂਡ ਕਰਦਾ, ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਗੱਲ ਕੀਤੀ ਤਾਂ ਪਰਵਾਰ ਵਾਲੇ ਘਰ ਆਉਣ ਨੂੰ ਨਾ ਕਹਿ ਦੇਣ।ਉਹ ਬੀਕੇਯੂ ਸਿੱਧੂਪੁਰ ਜਥੇਬੰਦੀ ਦਾ ਕਾਰਕੁਨ ਸੀ। ਜਥੇਬੰਦੀ ਵਲੋਂ ਘਰ ਦੀ ਕੰਧ ’ਤੇ ਟੰਗਿਆ ਸੁਭਕਰਨ ਦੀ ਫੋਟੋ ਵਾਲਾ ਬੋਰਡ ਵੀ ਇਸ ਗੱਲ ਦੀ ਹਾਮੀ ਭਰਦਾ ਹੈ। ਮ੍ਰਿਤਕ ਕਿਸਾਨ ਦੀ ਚਾਚੀ ਛਿੰਦਰਪਾਲ ਨੇ ਕਿਹਾ ਕਿ 9 ਮਹੀਨੇ ਪੇਟ ਚ ਪਾਲ ਕੇ ਪੁੱਤ ਨੂੰ ਜਨਮ ਦੇਣ ਸਮੇਂ ਪਰਵਾਰ ਦੇ ਅਨੇਕਾਂ ਸੁਪਨੇ ਹੁੰਦੇ ਹਨ, ਜੋ ਹੁਣ ਚੂਰ ਚੂਰ ਹੋ ਗਏ ਹਨ । ਉਨ੍ਹਾਂ ਕਿਹਾ ਕਿ ਮੇਰਾ ਭਤੀਜਾ ਜਾਬਰ ਹਾਕਮਾਂ ਦੀਆਂ ਜਾਬਰ ਨੀਤੀਆਂ ਨੇ ਖਾ ਲਿਆ ਹੈ।ਪਰਵਾਰ ਨੇ ਇਹ ਵੀ ਦਸਿਆ ਕਿ ਸ਼ੁਭਕਰਨ ਸਿੰਘ ਦਾ ਸੁਪਨਾ ਸੀ ਕਿ ਉਹ ਛੋਟੀ ਭੈਣ ਗੁਰਪ੍ਰੀਤ ਕੌਰ ਦਾ ਚੰਗਾ ਵਿਆਹ ਕਰੇਗਾ। ਨਵਾਂ ਘਰ ਪਾਏਗਾ,ਪਰ ਇਕ ਵਾਰ ਤਾਂ ਸੱਭ ਕੁਝ ਅਧੂਰਾ ਰਹਿ ਗਿਆ ਹੈ। ਚੁੱਪ ਗੜੁੱਪ ਹੋਇਆ ਘਰ ਦੇ ਕੌਲੇ ਨਾਲ ਢੂਹ ਲਾਈ ਬੈਠੇ ਬਜ਼ੁਰਗ ਪਿਤਾ ਚਰਨਜੀਤ ਸਿੰਘ ਨੂੰ ਲੱਗ ਰਿਹਾ ਸੀ ਕਿ ਬੁੱਢੇ ਉਮਰੇ ਹੁਣ ਉਸ ਦੀ ਡੰਗੋਰੀ ਕੌਣ ਬਣੇਗਾ? ਜਵਾਨ ਧੀ ਬੇਗਾਨੇ ਘਰ ਤੋਰਨ ਦਾ ਵੱਡਾ ਬੋਝ ਵੀ ਚਰਨਜੀਤ ਦੇ ਚਿਹਰੇ ਨੂੰ ਉਦਾਸ ਕਰ ਰਿਹਾ ਸੀ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਸੁਭਕਰਨ ਸਿੰਘ ਨੂੰ ਸ਼ਹੀਦ ਐਲਾਨ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇ ਅਤੇ ਸ਼ਹੀਦ ਵਾਲੀਆਂ ਸਾਰੀਆਂ ਸਹੂਲਤਾਂ ਦਿਤੀਆਂ ਜਾਣ ਅਤੇ ਸਾਰੇ ਕਰਜ਼ੇ ’ਤੇ ਲੀਕ ਵੀ ਫਿਰੇ।

Leave a Reply

Your email address will not be published. Required fields are marked *