ਜ਼ਿਲ੍ਹਾ ਮੁਹਾਲੀ ਦੇ ਤਿੰਨ ਸਰਕਾਰੀ ਸਕੂਲਾਂ ਦੀ ਸਰਬੋਤਮ ਸਕੂਲਾਂ ਵਜੋਂ ਚੋਣ ਕੀਤੀ ਗਈ ਹੈ। ਦਰਅਸਲ ਸਿੱਖਿਆ ਵਿਭਾਗ ਵਲੋਂ ਪੰਜਾਬ ਭਰ ਵਿਚੋਂ ਸਰਬੋਤਮ ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਮੁਹਾਲੀ ਦੇ ਤਿੰਨ ਸਕੂਲ ਸ਼ਾਮਲ ਹਨ। ਇਨ੍ਹਾਂ ਸਕੂਲਾਂ ਵਿਚ ਸਰਕਾਰੀ ਮਿਡਲ ਸਕੂਲ ਝੰਡੇਮਾਜਰਾ, ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਸ਼ਾਮਲ ਹਨ। ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ 22 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਸਿੱਖਿਆ ਵਿਭਾਗ ਵਲੋਂ ਪੰਜਾਬ ਭਰ ਦੇ ਸਕੂਲਾਂ ਨੂੰ ਕੁੱਲ 6 ਕਰੋੜ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿਤੀ ਜਾ ਰਹੀ ਹੈ। ਸਰਕਾਰੀ ਮਿਡਲ ਸਕੂਲ ਝੰਜੇਮਾਜਰਾ ਨੂੰ 5 ਲੱਖ ਰੁਪਏ, ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਨੂੰ 7 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਨੂੰ 10 ਲੱਖ ਰੁਪਏ ਦਿਤੇ ਜਾ ਰਹੇ ਹਨ। ਇਹ ਰਾਸ਼ੀ ਸਰਬੋਤਮ ਸਕੂਲ ਐਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਨਾਲ ਸਬੰਧਤ ਡੀ.ਈ.ਓਜ਼. ਨੂੰ ਜਾਰੀ ਕੀਤੀ ਗਈ ਹੈ। ਇਨਾਮੀ ਰਾਸ਼ੀ ਵੰਡਣ ਲਈ ਇਕ ਵੱਖਰਾ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਸਕੂਲਾਂ ਬਾਰੇ ਐਲਾਨ ਕਰਨਗੇ।ਮੁਹਾਲੀ ਦੇ ਇਨ੍ਹਾਂ ਸਕੂਲਾਂ ਦੇ ਨਤੀਜੇ ਚੰਗੇ ਰਹੇ, ਸਕੂਲ ਦਾ ਬੁਨਿਆਦੀ ਢਾਂਚਾ ਵਧੀਆ ਪਾਇਆ ਗਿਆ, ਸਾਫ-ਸਫਾਈ ਵਧੀਆ ਪਾਈ ਗਈ, ਪਖਾਨੇ ਸਾਫ-ਸੁਥਰੇ ਪਾਏ ਗਏ, ਬੱਚਿਆਂ ਲਈ ਸਕੂਲ ‘ਚ ਖੇਡਾਂ, ਬੱਚਿਆਂ ਨੂੰ ਵਧੀਆ ਪੜ੍ਹਾਈ, ਬੱਚਿਆਂ ਦੀ ਹਾਜ਼ਰੀ ਚੰਗੀ ਸੀ। ਇਸ ਦੇ ਆਧਾਰ ਉਤੇ ਹੀ ਇਨ੍ਹਾਂ ਨੂੰ ਸਰਬੋਤਮ ਸਕੂਲ ਚੁਣਿਆ ਗਿਆ ਹੈ।