ਪੁਰਾਣੀ ਰੰਜਿਸ਼ ਕਰ ਕੇ ਕਾਰ ਚਾਲਕ ਨੇ ਨੌਜਵਾਨ ਨੂੰ ਗੱਡੀ ਹੇਠਾਂ ਕੁਚਲਿਆ, ਬਾਅਦ ‘ਚ ਕੀਤਾ ਇਕ ਹੋਰ ਕਾਂਡ

ਸਥਾਨਕ ਸ਼ਹਿਰ ਦੇ ਪਿੰਡ ਪੰਡੋਰੀ ਖਾਸ ਵਿਚ ਉਸ ਸਮੇਂ ਹਲਚਲ ਮਚ ਗਈ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਾਰ ਚਾਲਕ ਵਲੋਂ ਮੋਟਰਸਾਇਕਲ ਸਵਾਰ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਗਿਆ ਤੇ ਉਸ ਦੀ ਮੌਤ ਹੋ ਗਈ। ਇਹਨਾਂ ਹੀ ਨਹੀਂ ਮੌਕੇ ਤੋਂ ਫਰਾਰ ਹੋਣ ਸਮੇਂ ਕਾਰ ਚਲਾਕ ਦੀ ਕਾਰ ਦਰੱਖ਼ਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਵਿਚ ਸਵਾਰ ਇਕ ਨੌਜਵਾਨ ਦੀ ਵੀ ਮੌਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਮੋਟਰਸਾਈਕਲ ਸਵਾਰ ਦੀ ਪਛਾਣ ਜਗਦੀਪ ਸਿੰਘ ਉਰਫ਼ ਦੀਪਾ (40) ਪੁੱਤਰ ਬਲਦੇਵ ਸਿੰਘ ਅਤੇ ਕਾਰ ਸਵਾਰ ਮ੍ਰਿਤਕ ਦੀ ਪਛਾਣ ਰਾਮ ਪਾਲ ਉਰਫ਼ ਰਾਮਾ ਪੁੱਤਰ ਪਿਆਰਾ ਵਾਸੀਆਨ (ਦੋਵੇਂ) ਪਿੰਡ ਪੰਡੋਰੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ। ਥਾਣਾ ਸਿਟੀ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕ ਮੋਟਰਸਾਇਕਲ ਸਵਾਰ ਜਗਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੰਡੋਰੀ ਨਕੋਦਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਉਹ ਤਿੰਨ ਭਰਾ ਹਨ ਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਜਦੋਂ ਉਹ ਆਪਣੇ ਭਤੀਜੇ ਹਰਪ੍ਰੀਤ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪੰਡੋਰੀ ਖ਼ਾਸ ਨਾਲ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਏ ਸੀ ਤਾਂ ਜਦੋਂ ਉਹ ਗੁਰਮੁੱਖ ਸਿੰਘ ਦੇ ਖੂਹ ਕੋਲ ਤਲਵੰਡੀ ਸੰਘੇੜੇ ਰੋਡ ‘ਤੇ ਪੁੱਜੇ ਤਾਂ ਉਸ ਦਾ ਭਰਾ ਜਗਦੀਪ ਸਿੰਘ ਆਪਣੇ ਮੋਟਰਸਾਈਕਲ ‘ਤੇ ਅੱਗੇ-ਅੱਗੇ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਪਿੱਛੋਂ ਇਕ ਕਾਰ ਬੜੀ ਤੇਜ਼ ਰਫ਼ਤਾਰ ਨਾਲ ਆਈ, ਜਿਸ ਤੋਂ ਉਨ੍ਹਾਂ ਨੇ ਛਾਲ ਮਾਰ ਕੇ ਪਾਸੇ ਹੋ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਦੇਖਿਆ ਕਿ ਇਸ ਕਾਰ ਨੂੰ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮੋਹਣ ਸਿੰਘ ਵਾਸੀ ਪੰਡੋਰੀ ਚਲਾ ਰਿਹਾ ਸੀ। ਉਸ ਦੇ ਨਾਲ ਕਾਰ ਵਿਚ ਨਾਲ ਦੀ ਸੀਟ ‘ਤੇ ਉਨ੍ਹਾਂ ਦੇ ਹੀ ਪਿੰਡ ਦਾ ਰਾਮ ਪਾਲ ਉਰਫ਼ ਰਾਮਾ ਪੁੱਤਰ ਪਿਆਰਾ ਲਾਲ ਬੈਠਾ ਸੀ। ਰਣਜੀਤ ਸਿੰਘ ਨੇ ਜਾਣ ਬੁੱਝ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਭਰਾ ਜਗਦੀਪ ਸਿੰਘ ਨੂੰ ਆਪਣੀ ਕਾਰ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੌਕੇ ਤੋਂ ਫਰਾਰ ਹੋਣ ਸਮੇਂ ਕਾਰ ਅੱਗੇ ਜਾ ਰਹੀ ਅਲਟੋ ਕਾਰ ਵਿਚ ਜਾ ਮਾਰੀ ਜੋ ਖੇਤ ਵਿਚ ਜਾ ਡਿੱਗੀ। ਇਸ ਟੱਕਰ ਕਾਰਨ ਰਣਜੀਤ ਸਿੰਘ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦਰੱਖਤ ਨਾਲ ਜਾ ਟਕਰਾਈ। ਜਦੋਂ ਜਗਦੀਪ ਦਾ ਭਰਾ ਉਸ ਕੋਲ ਪਹੁੰਚਿਆ ਤਾਂ ਉਸ ਦੀ ਮੌਕੇ ‘ਤੇ ਹੀ ਮੋਤ ਹੋ ਚੁੱਕੀ ਸੀ। ਓਧਰ ਮ੍ਰਿਤਕ ਜਗਦੀਪ ਸਿਘ ਦੇ ਭਰਾ ਸੁਖਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਉਨ੍ਹਾਂ ਦਾ ਕਾਫ਼ੀ ਸਮੇਂ ਤੋਂ ਤਕਰਾਰ ਚੱਲਦੀ ਆ ਰਹੀ ਸੀ ਜਿਸ ਸਬੰਧੀ ਸਿਟੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਰਣਜੀਤ ਸਿੰਘ ਉਰਫ਼ ਰਾਣਾ ਨੇ ਪੁਰਾਣੀ ਰੰਜਿਸ਼ ਕਾਰਨ ਜਾਣ ਬੁੱਝ ਕੇ ਆਪਣੀ ਕਾਰ ਹੇਠਾਂ ਉਸ ਦੇ ਭਰਾ ਜਗਦੀਪ ਸਿਘ ਨੂੰ ਕੁਚਲ ਕੇ ਉਸ ਦਾ ਕਤਲ ਕੀਤਾ ਹੈ। ਸਿਟੀ ਥਾਣਾ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਦੇ ਭਰਾ ਸੁਖਦੀਪ ਸਿੰਘ ਵਾਸੀ ਪਿੰਡ ਪੰਡੋਰੀ ਨਕੋਦਰ ਦੇ ਬਿਆਨਾਂ ‘ਤੇ ਕਾਰ ਚਾਲਕ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਮੋਹਣ ਸਿੰਘ ਵਾਸੀ ਪੰਡੋਰੀ ਖਾਸ ਦੇ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਕਤਲ ਦੀ ਧਾਰਾ 302, 427 ਆਈ. ਪੀ .ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਕਾਰ ਚਾਲਕ ਰਣਜੀਤ ਸਿੰਘ ਉਰਫ਼ ਰਾਣਾ ਜੋ ਹਾਦਸੇ ਵਿਚ ਗੰਭੀਰ ਜਖ਼ਮੀ ਹੋ ਗਿਆ ਸੀ ਤੇ ਜਲੰਧਰ ਦੇ ਹਸਪਤਾਲ ਵਿਚ ਦਾ਼ਖਲ ਹੈ, ਉਸ ਨਾਲ ਕਾਰ ਵਿਚ ਸਵਾਰ ਰਾਮ ਪਾਲ ਉਰਫ ਰਾਮਾ ਪੁੱਤਰ ਪਿਆਰਾ ਲਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਧਰ ਮ੍ਰਿਤਕ ਰਾਮ ਪਾਲ ਦੀ ਪਤਨੀ ਮਧੂ ਵਾਸੀ ਪਿੰਡ ਪੰਡੋਰੀ ਨੇ ਬਿਆਨ ਦਿੱਤੇ ਕਿ ਰਣਜੀਤ ਸਿੰਘ ਉਰਫ਼ ਰਾਣਾ ਮੇਰੇ ਪਤੀ ਰਾਮ ਪਾਲ ਨੂੰ ਸਵੇਰੇ ਲੈ ਕੇ ਗਿਆ ਸੀ, ਜਿਸ ਦੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਮੇਰੇ ਪਤੀ ਰਾਮ ਪਾਲ ਦੀ ਮੌਤ ਹੋਈ ਹੈ। ਜਿਸ ਦੇ ਬਿਆਨਾਂ ‘ਤੇ ਦਰਜ ਉਕਤ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਣਾ ਦੇ ਖਿਲਾਫ ਧਾਰਾ 304 ਏ ਦਾ ਵਾਧਾ ਕੀਤਾ ਗਿਆ ਹੈ।

Leave a Reply

Your email address will not be published. Required fields are marked *