ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿੱਚ ਸੋਮਵਾਰ ਨੂੰ ਅਚਾਨਕ ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ। ਵਿਆਹ ਦੀਆਂ ਰਸਮਾਂ ਨਿਭਾਉਂਦੇ ਸਮੇਂ ਲਾੜੀ ਦਾ ਬੀਪੀ ਲੋਅ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਦੇ ਨਾਲ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਡੋਲੀ ਦੀ ਥਾਂ ਅਰਥੀ ਚੁੱਕਣੀ ਪਈ। ਮਾਮਲਾ ਗੁਰੂਹਰਸਹਾਏ ਦੇ ਪਿੰਡ ਸਵਾਹਵਾਲਾ ਦਾ ਹੈ। ਸਥਾਨਕ ਨਿਵਾਸੀ ਜੈ ਚੰਦ ਦੀ ਬੇਟੀ ਨੀਲਮ ਦਾ ਇੱਥੇ ਵਿਆਹ ਹੋ ਰਿਹਾ ਸੀ। ਸੋਮਵਾਰ ਨੂੰ ਗੁਰਪ੍ਰੀਤ ਪੁੱਤਰ ਮਹਿੰਦਰ ਕੁਮਾਰ ਥਿੰਦ ਵਾਸੀ ਪਿੰਡ ਰੁਕਨਾ ਬਸਤੀ ਤੋਂ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚਿਆ ਸੀ। ਪਰਿਵਾਰ ਨੇ ਬਰਾਤ ਦਾ ਧੂਮ ਧਾਮ ਨਾਲ ਸਵਾਗਤ ਕੀਤਾ। ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਹਰ ਪਾਸੇ ਖੁਸ਼ੀ ਦਾ ਮਾਹੌਲ ਸੀ। ਲਾੜਾ-ਲਾੜੀ ਦੀਆਂ ਲਾਵਾਂ ਵੀ ਹੋ ਚੁੱਕੀਆਂ ਸਨ। ਇਸ ਤੋਂ ਬਾਅਦ ਲੋਕ ਖੁਸ਼ੀ ‘ਚ ਨੱਚ ਰਹੇ ਸਨ। ਇਸ ਦੇ ਨਾਲ ਹੀ ਨਵੇਂ ਵਿਆਹੇ ਜੋੜੇ ਨੂੰ ਸ਼ਗਨ ਪਾਇਆ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਲਾੜੀ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਉਹ ਬੇਹੋਸ਼ ਹੋ ਗਈ। ਇਸ ਨਾਲ ਪਰਿਵਾਰਕ ਮੈਂਬਰ ਡਰ ਗਏ। ਲੋਕਾਂ ਨੇ ਲੜਕੀ ਦੇ ਮੂੰਹ ‘ਤੇ ਪਾਣੀ ਦਾ ਛਿੜਕਾਅ ਕੀਤਾ ਪਰ ਉਸ ਨੂੰ ਹੋਸ਼ ਨਹੀਂ ਆਇਆ। ਕਰੀਬ 10 ਮਿੰਟ ਤੱਕ ਲੋਕਾਂ ਨੇ ਲਾੜੀ ਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਤੁਰੰਤ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲੜਕੀ ਨੂੰ ਦਿਖਾਇਆ। ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿਤਾ। ਜਿਵੇਂ ਹੀ ਲਾੜੀ ਦੀ ਮੌਤ ਦੀ ਖਬਰ ਫੈਲੀ ਤਾਂ ਹਰ ਪਾਸੇ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਹਰ ਪਾਸੇ ਸੋਗ ਸੀ। ਹੁਣ ਲੜਕੀ ਦੀ ਵਿਦਾਈ ਦੀ ਬਜਾਏ ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਜਾਣਾ ਹੈ।