ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਗੋਪਾਲ ਮੰਦਰ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜ਼ੁਰਗ ਦਾ ਕਤਲ ਕਰ ਦਿਤਾ ਗਿਆ। ਬਜ਼ੁਰਗ ਦੇ ਚਾਰ ਬੱਚੇ ਹਨ ਅਤੇ ਸਾਰੇ ਵਿਦੇਸ਼ ਵਿੱਚ ਰਹਿੰਦੇ ਹਨ। ਮ੍ਰਿਤਕ ਘਰ ‘ਚ ਇਕੱਲਾ ਰਹਿੰਦਾ ਸੀ। ਦੋਸ਼ੀ ਦੇਰ ਰਾਤ ਘਰ ‘ਚ ਦਾਖਲ ਹੋਏ ਅਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਵਿਜੇ ਖੰਨਾ ਵਜੋਂ ਹੋਈ ਹੈ।ਗੁਆਂਢੀਆਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਆਰੇ ਦੀ ਆਵਾਜ਼ ਆ ਰਹੀ ਸੀ। ਜਦੋਂ ਉਨ੍ਹਾਂ ਨੇ ਛੱਤ ਤੋਂ ਦੇਖਿਆ ਤਾਂ ਇਕ ਨੌਜਵਾਨ ਦੋਵੇਂ ਗੇਟ ਪਾਰ ਕਰਕੇ ਅੰਦਰ ਆਇਆ ਅਤੇ ਦੂਜੇ ਨੌਜਵਾਨ ਨਾਲ ਗੱਲ ਕਰਨ ਤੋਂ ਬਾਅਦ ਉਸੇ ਸਮੇਂ ਉੱਥੋਂ ਚਲਾ ਗਿਆ। ਉਹ ਉੱਠ ਕੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਪਰ ਕੋਈ ਬਾਹਰ ਨਾ ਆਇਆ। ਫਿਰ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਦੌੜਦਿਆਂ ਦੇਖਿਆ। ਗੁਆਂਢੀਆਂ ਅਨੁਸਾਰ ਦੋ ਨੌਜਵਾਨ ਜਾਲੀ ਤੋੜ ਕੇ ਛੱਤ ਰਾਹੀਂ ਅੰਦਰ ਆਏ ਸਨ।ਜਦੋਂ ਸਵੇਰੇ ਦੁਬਾਰਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਡੀਸੀਪੀ ਪ੍ਰਗਿਆ ਜੈਨ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ ਅਤੇ ਉਹ ਬੈੱਡ ’ਤੇ ਮਰਿਆ ਪਿਆ ਸੀ। ਮ੍ਰਿਤਕ ਦੇ ਚਾਰ ਬੱਚੇ ਹਨ ਅਤੇ ਚਾਰੋਂ ਵਿਦੇਸ਼ ਰਹਿੰਦੇ ਹਨ। ਬਜ਼ੁਰਗ ਇੱਥੇ ਇਕੱਲਾ ਰਹਿੰਦਾ ਸੀ। ਫਿਲਹਾਲ ਪੁਲਿਸ ਸੀਸੀਟੀਵੀ ਸਕੈਨ ਕਰ ਰਹੀ ਹੈ ਅਤੇ ਹਰ ਕੋਣ ਤੋਂ ਜਾਂਚ ਕਰ ਰਹੀ ਹੈ।