ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਮੁੰਬਈ ਹਵਾਈ ਅੱਡੇ ‘ਤੇ ਇਕ 80 ਸਾਲਾ ਬਜ਼ੁਲਰਗ ਨੂੰ ਵ੍ਹੀਲਚੇਅਰ ਨਾ ਦੇਣ ‘ਤੇ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਯਾਤਰੀ ਨੂੰ ਜਹਾਜ਼ ਤੋਂ ਟਰਮੀਨਲ ਤਕ ਚੱਲ ਕੇ ਜਾਣਾ ਪਿਆ ਕਿਉਂਕਿ ਉਥੇ ਵ੍ਹੀਲਚੇਅਰ ਉਪਲਬਧ ਨਹੀਂ ਸੀ ਅਤੇ ਉਹ ਡਿੱਗ ਗਿਆ। ਇਸ ਯਾਤਰੀ ਦੀ ਬਾਅਦ ਵਿਚ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਦੀ ਹੈ। ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਇਹ ਬਜ਼ੁਰਗ ਯਾਤਰੀ ਨੂੰ ਵ੍ਹੀਲਚੇਅਰ ਪ੍ਰਦਾਨ ਕਰਨ ਵਿਚ ਅਸਫਲ ਰਹੀ ਹੈ। ਅਧਿਕਾਰੀ ਨੇ ਕਿਹਾ, ”ਇਸ ਤੋਂ ਇਲਾਵਾ ਏਅਰ ਇੰਡੀਆ ਨੇ ਇਸ ਮਾਮਲੇ ‘ਚ ਗਲਤੀ ਕਰਨ ਵਾਲੇ ਕਰਮਚਾਰੀਆਂ ਵਿਰੁਧ ਕੀਤੀ ਗਈ ਕਾਰਵਾਈ ਦੀ ਵੀ ਜਾਣਕਾਰੀ ਨਹੀਂ ਦਿਤੀ ਹੈ। ਏਅਰਲਾਈਨ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਸੁਧਾਰਾਤਮਕ ਕਦਮਾਂ ਬਾਰੇ ਜਾਣਕਾਰੀ ਦੇਣ ਵਿਚ ਵੀ ਅਸਫਲ ਰਹੀ ਹੈ”। ਇਸ ਮਹੀਨੇ ਦੇ ਸ਼ੁਰੂ ਵਿਚ ਡੀਜੀਸੀਏ ਨੇ ਏਅਰਲਾਈਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਉਤੇ ਏਅਰ ਇੰਡੀਆ ਨੇ ਰੈਗੂਲੇਟਰ ਨੂੰ 20 ਫਰਵਰੀ ਨੂੰ ਅਪਣਾ ਜਵਾਬ ਸੌਂਪਿਆ ਸੀ। ਏਅਰਲਾਈਨ ਨੇ ਕਿਹਾ ਕਿ ਬਜ਼ੁਰਗ ਯਾਤਰੀ ਕਿਸੇ ਹੋਰ ਵ੍ਹੀਲਚੇਅਰ ਦਾ ਇੰਤਜ਼ਾਰ ਕਰਨ ਦੀ ਬਜਾਏ ਅਪਣੀ ਪਤਨੀ ਦੇ ਨਾਲ ਚੱਲ ਪਿਆ, ਜੋ ਕਿਸੇ ਹੋਰ ਵ੍ਹੀਲਚੇਅਰ ‘ਤੇ ਬੈਠੀ ਸੀ। ਅਧਿਕਾਰੀ ਨੇ ਕਿਹਾ, “ਇਸ ਸਬੰਧ ਵਿਚ ਸਾਰੀਆਂ ਏਅਰਲਾਈਨ ਕੰਪਨੀਆਂ ਨੂੰ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।” ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿਚ ਵ੍ਹੀਲਚੇਅਰਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਜਹਾਜ਼ ਵਿਚ ਸਵਾਰ ਹੋਣ ਜਾਂ ਉਤਰਨ ਵੇਲੇ ਸਹਾਇਤਾ ਦੀ ਲੋੜ ਹੁੰਦੀ ਹੈ”।