ਕਲਯੁਗੀ ਫੁੱਫੜ ਨੇ ਆਪਣੇ ਨਬਾਲਗ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ l ਬੁਰੀ ਤਰ੍ਹਾਂ ਸਹਿਮੀ ਲੜਕੀ ਨੇ ਕਿਸੇ ਨੂੰ ਕੁਝ ਨਾ ਦੱਸਿਆ l ਡੇਢ ਮਹੀਨੇ ਬਾਅਦ ਪੇਟ ਵਿੱਚ ਦਰਦ ਹੋਣ ‘ਤੇ ਜਦ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਲੈ ਕੇ ਗਏ ਤਾਂ ਮੁਲਜ਼ਮ ਦੀ ਸ਼ਰਮਨਾਕ ਕਰਤੂਤ ਦਾ ਖੁਲਾਸਾ ਹੋ ਗਿਆ lਡਾਕਟਰਾਂ ਦੇ ਮੁਤਾਬਕ ਲੜਕੀ ਛੇ ਹਫਤੇ ਦੀ ਗਰਭਵਤੀ ਸੀ l ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨਾਬਾਲਗ ਲੜਕੀ ਨੇ ਦੱਸਿਆ ਕਿ ਜਨਵਰੀ ਮਹੀਨੇ ਦੀ ਇਕ ਦੁਪਹਿਰ ਨੂੰ ਉਹ ਘਰ ਵਿੱਚ ਇਕੱਲੀ ਸੀ,ਇਸੇ ਦੌਰਾਨ ਘਰ ਅੰਦਰ ਦਾਖਲ ਹੋਏ ਲੜਕੀ ਦੇ ਫੁੱਫੜ ਬਹਾਦਰ ਕੇ ਰੋਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂl ਮੁਲਜ਼ਮ ਨੇ ਲੜਕੀ ਨੂੰ ਡਰਾ ਧਮਕਾ ਕੇ ਉਸ ਦੀ ਆਬਰੂ ਲੁੱਟ ਲਈ ਅਤੇ ਇਸ ਸਬੰਧੀ ਕਿਸੇ ਨੂੰ ਵੀ ਨਾ ਦਸਣ ਦੀ ਗੱਲ ਆਖ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ l ਸ਼ਰਮਨਾਕ ਮਾਮਲੇ ਦਾ ਖੁਲਾਸਾ ਹੁੰਦੇ ਹੀ ਥਾਣਾ ਲਾਡੋਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ l ਇਸ ਮਾਮਲੇ ਵਿੱਚ ਜਸਵਿੰਦਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ l