ਜੁਆਇੰਟ ਫੋਰਮ ਫਾਰ ਰੀਸਟੋਰੇਸ਼ਨ ਆਫ਼ ਓਲਡ ਪੈਨਸ਼ਨ ਸਕੀਮ (ਜੇਐਫਆਰਓਪੀਐਸ) ਦੇ ਤਹਿਤ ਇੱਕਜੁੱਟ ਹੋਏ ਰੇਲਵੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਦੀਆਂ ਕਈ ਯੂਨੀਅਨਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ 1 ਮਈ ਤੋਂ ਦੇਸ਼ ਭਰ ਵਿਚ ਸਾਰੀਆਂ ਰੇਲ ਸੇਵਾਵਾਂ ਬੰਦ ਕਰ ਦੇਣਗੇ। ਜੇਐਫਆਰਓਪੀਐਸ ਦੇ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ, “ਸਰਕਾਰ ‘ਨਵੀਂ ਪੈਨਸ਼ਨ ਯੋਜਨਾ’ ਦੀ ਥਾਂ ‘ਪਰਿਭਾਸ਼ਿਤ ਗਰੰਟੀਸ਼ੁਦਾ ਪੁਰਾਣੀ ਪੈਨਸ਼ਨ ਸਕੀਮ’ ਨੂੰ ਬਹਾਲ ਕਰਨ ਦੀ ਸਾਡੀ ਮੰਗ ਲਈ ਪੂਰੀ ਤਰ੍ਹਾਂ ਵਚਨਬੱਧ ਨਹੀਂ ਹੈ। ਹੁਣ ਸਿੱਧੀ ਕਾਰਵਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ”। ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਮਿਸ਼ਰਾ ਨੇ ਕਿਹਾ, “ਜੇਐਫਆਰਓਪੀਐਸ ਅਧੀਨ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਾਂਝੇ ਤੌਰ ‘ਤੇ ਸਹਿਮਤੀ ਦਿਤੀ ਹੈ ਕਿ ਅਸੀਂ ਰੇਲ ਮੰਤਰਾਲੇ ਨੂੰ 19 ਮਾਰਚ ਨੂੰ ਅਧਿਕਾਰਤ ਤੌਰ ‘ਤੇ ਇਕ ਨੋਟਿਸ ਦੇਵਾਂਗੇ, ਜਿਸ ਵਿਚ 1 ਮਈ, 2024 ਨੂੰ, ਭਾਵ ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਪ੍ਰਸਤਾਵਿਤ ਦੇਸ਼ ਵਿਆਪੀ ਹੜਤਾਲ ਅਤੇ ਸਾਰੀਆਂ ਰੇਲ ਸੇਵਾਵਾਂ ਦੇ ਸੰਚਾਲਨ ਨੂੰ ਰੋਕਣ ਬਾਰੇ ਸੂਚਿਤ ਕੀਤਾ ਜਾਵੇਗਾ”।ਮਿਸ਼ਰਾ ਅਨੁਸਾਰ ਜੇਐਫਆਰਓਪੀਐਸ ਵਿਚ ਸ਼ਾਮਲ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਕਈ ਯੂਨੀਅਨਾਂ ਵੀ ਰੇਲ ਮੁਲਾਜ਼ਮਾਂ ਦੇ ਨਾਲ ਹੜਤਾਲ ’ਤੇ ਜਾਣਗੀਆਂ।