ਮੋਗਾ ਸ਼ਹਿਰ ਦੇ ਇਲਾਕੇ ਜਵਾਹਰ ਨਗਰ ਵਿੱਚ ਸ਼ੁੱਕਰਵਾਰ ਸ਼ਾਮ ਸਾਢੇ 5 ਵਜੇ ਗਲੀ ‘ਚ ਖੇਡ ਰਹੇ ਬੱਚਿਆਂ ‘ਤੇ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਜਲੀ ਡਿੱਗਣ ਨਾਲ ਕਈ ਘਰਾਂ ‘ਚ ਵੱਡੀ ਗਿਣਤੀ ‘ਚ ਇਲੈਕਟ੍ਰਾਨਿਕ ਉਪਕਰਣ ਸੜ ਗਏ। ਗ਼ਨੀਮਤ ਰਹੀ ਕਿ ਬਿਜਲੀ ਡਿੱਗਣ ਨਾਲ ਬੱਚਿਆਂ ਨੂੰ ਕੁਝ ਨਹੀਂ ਹੋਇਆ ਨਹੀਂ ‘ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਜਾਣਕਰੀ ਅਨੁਸਾਰ ਸ਼ਾਮ ਨੂੰ ਗਲੀ ‘ਚ ਪਰੀਕਸ਼ਤ, ਸ਼ਿਵਾਂਸ਼, ਵਿਵਾਨ ਅਤੇ ਰਿਧੀ ਖੇਡ ਰਹੇ ਸਨ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਗਲੀ ਦੀਆਂ ਟਾਈਲਾਂ ‘ਤੇ ਕੋਈ ਚਿੱਟੀ ਜਾਂ ਚਮਕੀਲੀ ਚੀਜ਼ ਡਿੱਗੀ ਦੇਖੀ। ਜਿਸ ਤੋਂ ਬਾਅਦ ਉਹ ਤੁਰੰਤ ਪਿੱਛੇ ਹਟ ਗਏ। ਬੱਚਿਆਂ ਅਨੁਸਾਰ ਜਿਸ ਥਾਂ ‘ਤੇ ਬਿਜਲੀ ਡਿੱਗੀ, ਉੱਥੇ ਸੀਮਿੰਟ-ਇੰਟਰਲਾਕਿੰਗ ਟਾਈਲਾਂ ‘ਤੇ ਇੱਕ ਛੋਟਾ ਜਿਹਾ ਕਾਲਾ ਧੱਬਾ ਵੀ ਪਾਇਆ ਗਿਆ ਹੈ। ਇਲਾਕੇ ‘ਚ ਰਹਿ ਰਹੇ ਯਸ਼ਪਾਲ ਜਿੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਦੋਂ ਉਸ ਦੇ ਘਰ ਮਕੈਨਿਕ ਡਰਿਲ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਬਿਜਲੀ ਦਾ ਕਰੰਟ ਮਹਿਸੂਸ ਹੋਇਆ। ਮਕੈਨਿਕ ਨੇ ਤੁਰੰਤ ਡਰਿੱਲ ਸੁੱਟ ਦਿੱਤੀ। ਉਨ੍ਹਾਂ ਦੇ ਬਿਲਕੁਲ ਸਾਹਮਣੇ ਹਰੀਸ਼ ਬਾਂਸਲ ਦੇ ਘਰ ਦਾ ਟੀਵੀ ਅਤੇ ਪਾਣੀ ਦੀ ਮੋਟਰ ਸੜ ਗਈ। ਇਸੇ ਗਲੀ ਵਿੱਚ ਰਹਿੰਦੇ ਜਗਦੀਸ਼ ਕੁਮਾਰ ਦੇ ਘਰ ਦਾ ਟੀਵੀ ਅਤੇ ਹੋਰ ਸਾਮਾਨ, ਅੰਕੁਰ ਆਹੂਜਾ ਦੀ ਐਲਈਡੀ ਅਤੇ ਕੈਮਰੇ ਦੇ ਕਾਰੋਬਾਰੀ ਪ੍ਰਿੰਸ ਦਾ ਪ੍ਰਿੰਟਰ ਸੜ ਗਿਆ। ਇਸ ਤੋਂ ਇਲਾਵਾ ਇਲਾਕੇ ਦੇ ਸੁਰਿੰਦਰ ਗੁਪਤਾ ਸਮੇਤ ਗਲੀ ਦੇ ਕਈ ਲੋਕਾਂ ਦੇ ਮੋਡਮ ਬੰਦ ਹੋ ਗਏ। ਖੁਸ਼ਕਿਸਮਤੀ ਦੀ ਗੱਲ ਹੈ ਕਿ ਇਸ ਘਟਨਾ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।