ਐਬਟਫੋਰਡ-ਕੈਨੇਡਾ ਵਿੱਚ ਮੈਕਸੀਕੋ ਸ਼ਹਿਰ ਐਕਾਪੁਲਕੋ ਵਿਖੇ ਹੋਏ ‘ਪੈਨ-ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ 2024’ ਦੇ ਕੁਸ਼ਤੀ ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ ਪੰਜਾਬੀ ਪਹਿਲਵਾਨ ਜਸਮੀਤ ਸਿੰਘ ਫੂਲਕਾ ਅਤੇ ਪਹਿਲਵਾਨ ਤੇਜਵੀਰ ਸਿੰਘ ਬੁਆਲ ਦੀ ਝੰਡੀ ਰਹੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਖੱਖ ਨਾਲ ਸੰਬੰਧਿਤ ਕੈਨੇਡੀਅਨ ਜੰਮਪਲ ਤੇ ਮੀਰੀ ਪੀਰੀ ਰੈਸਲਿੰਗ ਕਲੱਬ ਐਬਟਸਫੋਰਡ ਦੇ ਪਹਿਲਵਾਨ ਜਸਮੀਤ ਸਿੰਘ ਫੂਲਕਾ ਨੇ 79 ਕਿਲੋ ਵਰਗ ਕੁਸ਼ਤੀ ਮੁਕਾਬਲੇ ’ਚ ਮੈਕਸੀਕੋ ਦੇ ਪਹਿਲਵਾਨ ਜੋਸ਼ ਮੈਨੂਅਲ ਲੋਪੇਜ਼ ਨੂੰ ਹਰਾ ਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਜਦ ਕਿ ਇੰਡੀਪੈਂਡੈਂਟ ਰੈਸਲਿੰਗ ਕਲੱਬ ਦੇ ਪਹਿਲਵਾਨ ਤੇਜਵੀਰ ਸਿੰਘ ਬੁਆਲ ਨੇ 92 ਕਿਲੋਵਰਗ ਕੁਸ਼ਤੀ ਮੁਕਾਬਲੇ ’ਚ ਗੁਆਟੇਮਾਲਾ ਦੇ ਪਹਿਲਵਾਨ ਕੀਸਰ ਐਸਟਰਡਾ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਕੈਨੇਡਾ, ਅਮਰੀਕਾ, ਕਿਊਬਾ, ਕੋਲੰਬੀਆਂ, ਬਰਾਜ਼ੀਲ, ਅਰਜਟਾਈਨਾ ਵੈਨਜ਼ੂਏਲਾ ਅਤੇ ਜਮਾਇਕਾ ਸਮੇਤ 22 ਦੇਸ਼ਾਂ ਦੇ 239 ਪਹਿਲਵਾਨਾਂ ਨੇ ਹਿੱਸਾ ਲਿਆ।