ਹਿਮਾਚਲ ਤੋਂ ਗੁਰਦਾਸਪੁਰ ਜਾ ਰਹੀ ਲਾੜੇ ਦੀ ਕਾਰ ਹਲਕਾ ਮੁਕੇਰੀਆਂ ਦੇ ਪਿੰਡ ਹਵੇਲ ਚਾਂਗ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਕਾਰ ਵਿਚ ਸਵਾਰ ਕੁੱਲ 6 ਵਿਅਕਤੀਆਂ ਵਿਚੋਂ ਲਾੜੇ ਦੀ ਭੈਣ ਸਮੇਤ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਵਿਚ ਸਵਾਰ ਸਾਰੇ ਲੋਕ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਵਸਨੀਕ ਸਨ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਮੁਕੇਰੀਆ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਲਾੜੇ ਤੇ ਹੋਰ ਸਵਾਰਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜਿੱਥੇ ਲਾੜੇ ਦੀ ਭੈਣ ਅਤੇ ਡਰਾਈਵਰ ਨੂੰ ਛੱਡ ਕੇ ਸਾਰੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਹਸਪਤਾਲ ਤੋਂ ਰਵਾਨਾ ਹੋ ਗਏ। ਡਾਕਟਰਾਂ ਮੁਤਾਬਿਕ ਲਾੜੇ ਦੀ ਭੈਣ ਕਵਿਤਾ ਦੇ ਸਿਰ ਜ਼ਿਆਦਾ ਸੱਟਾਂ ਲਗਣ ਕਾਰਨ ਸਿਰ ’ਤੇ ਟਾਂਕੇ ਲਾਏ ਗਏ ਹਨ, ਜਦਕਿ ਕਾਰ ਚਾਲਕ ਦੇ ਸਿਰ ਤੇ ਛਾਤੀ ’ਚ ਦਰਦ ਦੀ ਸ਼ਿਕਾਇਤ ਕਾਰਨ ਹਸਪਤਾਲ ’ਚ ਜ਼ੇਰੇ ਇਲਾਜ ਹੈ। ਡਰਾਈਵਰ ਨਗਿੰਦਰ ਅਤੇ ਭੈਣ ਕਵਿਤਾ ਨੇ ਦੱਸਿਆ ਕਿ ਕਾਰ ’ਚ ਸਵਾਰ ਲਾੜੇ ਸਮੇਤ ਕੁੱਲ 6 ਲੋਕ ਸਵੇਰੇ ਕਰੀਬ 2 ਵਜੇ ਹਮੀਰਪੁਰ ਤੋਂ ਲਾੜੇ ਦੇ ਵਿਆਹ ਲਈ ਰਵਾਨਾ ਹੋਏ ਸਨ। ਕਾਰ ਵਿੱਚ ਲਾੜੇ ਦੀਆਂ ਦੋ ਭੈਣਾਂ ਅਤੇ ਦੋ ਭਰਾ ਮੌਜੂਦ ਸਨ। ਜਿਵੇਂ ਹੀ ਕਾਰ ਤਲਵਾੜਾ ਮੁਕੇਰੀਆਂ ਨੇੜੇ ਪਿੰਡ ਹਵੇਲ ਚਾਂਗ ਕੋਲ ਪੁੱਜੀ ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਫ਼ੇਦੇ ਦੇ ਦਰੱਖਤ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਪਿੱਛਿਓਂ ਆ ਰਹੇ ਹੋਰ ਪਰਿਵਾਰਕ ਮੈਂਬਰਾਂ ਨੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲਾੜੇ ਅਤੇ ਹੋਰਾਂ ਨੂੰ ਵਿਆਹ ਲਈ ਗੁਰਦਾਸਪੁਰ ਲੈ ਗਏ, ਜਦਕਿ ਕੁਝ ਜ਼ਖਮੀ ਨੇੜੇ ਹੀ ਹਨ। ਹਾਦਸੇ ’ਚ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।