ਪੰਜਾਬ ਦੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ; 1000 ਰੁਪਏ ਵਾਲੀ ਗਾਰੰਟੀ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ

ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਵਿਚ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ। ਇਹ ਬਜਟ ਲੋਕਾਂ ਦੇ ਹੱਕ ਵਿਚ ਹੈ। ਇਸ ਕਾਰਨ ਪੰਜਾਬ ਦੀ ਸਿੱਖਿਆ, ਮੈਡੀਕਲ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਮੁੱਖ ਰੱਖਿਆ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਵਲੋਂ ਦਿਤੀਆਂ ਗਈਆਂ 85 ਫ਼ੀ ਸਦੀ ਗਾਰੰਟੀਆਂ ਨੂੰ ਪੂਰਾ ਕੀਤਾ ਗਿਆ ਹੈ। ਜਿਥੋਂ ਤਕ ਇਕ ਵੱਡੀ ਗਾਰੰਟੀ ਬਾਕੀ ਹੈ, ਉਹ ਵੀ ਜਲਦੀ ਹੀ ਪੂਰੀ ਕਰ ਦਿਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਉਸ ਗਾਰੰਟੀ ਦਾ ਨਾਂਅ ਨਹੀਂ ਦਸਿਆ। ਦੂਜੇ ਪਾਸੇ ਵਿਰੋਧੀ ਪਾਰਟੀ ਨੇ ਅੱਜ ਦੇ ਬਜਟ ਨੂੰ ਖੋਖਲਾ ਕਰਾਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਜਟ ਵਿਚ ਕੁੱਝ ਵੀ ਨਵਾਂ ਨਹੀਂ ਹੈ। ਸਰਕਾਰ ਨੇ ਸੂਬੇ ਨੂੰ ਕਰਜ਼ੇ ਵਿਚ ਡੁਬੋ ਦਿਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ‘ਚ 1.20 ਘੰਟੇ ਤਕ ਚੱਲੇ ਅਪਣੇ ਭਾਸ਼ਣ ‘ਚ ਸਰਕਾਰ ਦੀਆਂ ਯੋਜਨਾਵਾਂ ਦੀ ਵਿਆਖਿਆ ਕੀਤੀ। 1080 ਕਰੋੜ ਰੁਪਏ ਵਿਚ ਖਰੀਦੇ ਗਏ ਥਰਮਲ ਪਲਾਂਟ ਨੂੰ ਸਰਕਾਰ ਦੀ ਪ੍ਰਾਪਤੀ ਦਸਿਆ। ਉਨ੍ਹਾਂ ਦਸਿਆ ਕਿ ਖੁਰਾਕ ਸਪਲਾਈ ਲਈ 1072 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਹਰ ਘਰ ਤਕ ਰਾਸ਼ਨ ਪਹੁੰਚਾਉਣ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। 800 ਮਾਡਲ ਵਾਜਬ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਰਕਾਰ ਨੇ ਅਸਲ ਕਰਜ਼ਾ ਘਟਾ ਦਿਤਾ ਹੈ, ਇਸ ‘ਚ ਚਾਰ ਫ਼ੀ ਸਦੀ ਤਕ ਦੀ ਕਮੀ ਆਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੀ ਟੈਕਸ ਚੋਰੀ ਨੂੰ ਰੋਕ ਕੇ ਮਾਲੀਆ ਵਧਾਉਣ ਵਿਚ ਲੱਗੇ ਹੋਏ ਹਨ। ਜੀਐਸਟੀ ਤੋਂ ਲੈ ਕੇ ਐਕਸਾਈਜ਼ ਤਕ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਮੀਡੀਆ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਸਮੇਂ ਦੇ ਅੰਕੜੇ ਵੀ ਦੱਸੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਵਿਚ ਜੀਐਸਟੀ ਘੱਟ ਸੀ, ਪਰ ਸਾਡੀ ਸਰਕਾਰ ਦੇ ਸਮੇਂ ਵਿਚ ਇਸ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਜਟ ਵਿਚ ਕੁੱਝ ਵੀ ਨਵਾਂ ਨਹੀਂ ਹੈ। ਇਸ ਸਰਕਾਰ ਕਾਰਨ ਸੂਬਾ ਕਰਜ਼ੇ ਵਿਚ ਡੁੱਬ ਰਿਹਾ ਹੈ। ਪੰਜਾਬ ਸਰਕਾਰ ਦਾ ਕਰਜ਼ਾ 2 ਸਾਲਾਂ ‘ਚ 67 ਹਜ਼ਾਰ ਕਰੋੜ ਰੁਪਏ ਵਧਿਆ ਹੈ। ਹਿਮਾਚਲ ਅਤੇ ਗੁਜਰਾਤ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਗਿਆ ਸੀ, ਪਰ ਅਜੇ ਤਕ ਕੁੱਝ ਨਹੀਂ ਦਿਤਾ ਗਿਆ। ਔਰਤਾਂ ਨੂੰ ਨਕਦ ਰਾਸ਼ੀ ਦੇਣ ਦਾ ਐਲਾਨ ਵੀ ਹਵਾ ਵਿਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਮੁੱਖ ਮੰਤਰੀ ਦਾ ਬੰਧਕ ਦਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵਿਰੁਧ ਵਿਸ਼ੇਸ਼ ਅਧਿਕਾਰ ਦਾ ਪੱਤਰ ਦਿਤਾ ਗਿਆ ਪਰ ਜਦੋਂ ਉਸ ਸਬੰਧੀ ਕਾਰਵਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਦਿਤਾ ਕਿ ਇਸ ਨੂੰ ਪੜ੍ਹ ਲਿਆ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਦਾ ਬਜਟ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਵਿਚ ਕਿਸੇ ਵਿਅਕਤੀ ਵਿਸ਼ੇਸ਼ ਲਈ ਅਤੇ ਨਾ ਹੀ ਪੰਜਾਬ ਲਈ ਕੁੱਝ ਹੈ। ਉਨ੍ਹਾਂ ਨੇ ਫਰਿਸ਼ਤੇ, ਮੈਡੀਕਲ ਕਾਲਜ ਸਮੇਤ ਕਈ ਚੀਜ਼ਾਂ ‘ਤੇ ਸਵਾਲ ਖੜ੍ਹੇ ਕੀਤੇ। ਵੜਿੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਲਈ ਇਕ ਰੁਪਿਆ ਵੀ ਨਹੀਂ ਦਿਤਾ ਗਿਆ। ਅੱਜ ਦਾ ਬਜਟ ਪੂਰੀ ਤਰ੍ਹਾਂ ਖੋਖਲਾ ਹੈ। ਇਸ ਵਿਚ ਸਿਰਫ਼ ਅੰਕੜੇ ਹੀ ਦਿਖਾਏ ਗਏ ਸਨ, ਪਰ ਹੋਰ ਕੁੱਝ ਨਹੀਂ ਦਸਿਆ ਗਿਆ।

Leave a Reply

Your email address will not be published. Required fields are marked *