ਰਾਜਸਥਾਨ ਵਿਚ ਕੋਟਾ ਦੇ ਕੁਨਹਾੜੀ ਥਾਣਾ ਖੇਤਰ ‘ਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਅਚਾਨਕ ਕਰੰਟ ਆ ਗਿਆ। ਇਸ ਦੌਰਾਨ ਕਈ ਬੱਚੇ ਕਰੰਟ ਦੀ ਲਪੇਟ ਵਿਚ ਆ ਗਏ, ਜਿਸ ਦੌਰਾਨ 14 ਤੋਂ ਵੱਧ ਬੱਚੇ ਝੁਲਸ ਗਏ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਬੱਚਿਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਸੰਗਤਪੁਰਾ ਸਥਿਤ ਕਾਲੀ ਬਸਤੀ ਦਾ ਹੈ। ਜਾਣਕਾਰੀ ਅਨੁਸਾਰ ਸ਼ੋਭਾ ਯਾਤਰਾ ਦੌਰਾਨ ਕਈ ਬੱਚਿਆਂ ਨੇ ਧਾਰਮਿਕ ਝੰਡੇ ਚੁੱਕੇ ਹੋਏ ਸਨ। ਜਿਸ ਥਾਂ ਤੋਂ ਇਹ ਯਾਤਰਾ ਲੰਘ ਰਹੀ ਸੀ, ਉਥੇ ਪਾਣੀ ਫੈਲਿਆ ਹੋਇਆ ਸੀ। ਇਸ ਕਾਰਨ ਤੇਜ਼ੀ ਨਾਲ ਕਰੰਟ ਫੈਲ ਗਿਆ। ਸਾਰੇ ਬੱਚਿਆਂ ਨੂੰ ਕੋਟਾ ਦੇ ਐਮਬੀਐਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਾਲੀ ਬਸਤੀ ਵਿਚ ਹਰ ਸਾਲ ਇਲਾਕਾ ਵਾਸੀਆਂ ਵਲੋਂ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਪ੍ਰੋਗਰਾਮ ਵਿਚ ਕਈ ਬੱਚੇ ਇਕੱਲੇ ਆਏ ਹੋਏ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਇਲਾਕੇ ਦੇ ਲੋਕ ਬੱਚਿਆਂ ਨੂੰ ਗੋਦ ਵਿਚ ਲੈ ਕੇ ਹਸਪਤਾਲ ਵੱਲ ਭੱਜੇ। ਇਸ ਦੌਰਾਨ ਜ਼ਖਮੀ ਬੱਚਿਆਂ ਦੇ ਪਰਵਾਰਕ ਮੈਂਬਰਾਂ ਨੂੰ ਜਦੋਂ ਹਾਦਸੇ ਦਾ ਪਤਾ ਲੱਗਿਆ ਤਾਂ ਉਹ ਹਸਪਤਾਲ ਪੁੱਜੇ। ਮਾਪਿਆਂ ਵਲੋਂ ਪ੍ਰਬੰਧਕਾਂ ਦੀ ਕੁੱਟਮਾਰ ਕੀਤੇ ਜਾਣ ਦੀ ਵੀ ਖ਼ਬਰ ਹੈ। ਉਧਰ ਆਈਜੀ ਰਵਿਦੱਤ ਗੌੜ ਨੇ ਦਸਿਆ ਕਿ ਇਕ ਬੱਚਾ 70 ਫ਼ੀ ਸਦੀ ਅਤੇ ਦੂਜਾ 50 ਫ਼ੀ ਸਦੀ ਝੁਲਸ ਗਿਆ। ਬਾਕੀ ਬੱਚੇ 10 ਫ਼ੀ ਸਦੀ ਸੜੇ ਹਨ। ਸਾਰਿਆਂ ਦੀ ਉਮਰ 9 ਤੋਂ 16 ਸਾਲ ਦਰਮਿਆਨ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਹਸਪਤਾਲ ਪੁੱਜੇ। ਉਨ੍ਹਾਂ ਕਿਹਾ- ਇਹ ਇਕ ਦੁਖਦਾਈ ਘਟਨਾ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਬੱਚਿਆਂ ਦੇ ਇਲਾਜ ਵਿਚ ਰੁੱਝੇ ਹੋਏ ਹਨ। ਇਕ ਬੱਚਾ ਗੰਭੀਰ ਹੈ, ਜੇਕਰ ਰੈਫਰਲ ਦੀ ਲੋੜ ਹੈ, ਤਾਂ ਅਸੀਂ ਰੈਫਰ ਵੀ ਕਰਾਂਗੇ, ਪਰ ਇਥੇ ਸੱਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ।