ਟਰੱਕ ਆਪਰੇਟਰ ਯੂਨੀਅਨ ਵੱਲੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਜਾਮ ਲਗਾਉਣ ਦੇ ਚਲਦੇ ਥਾਣਾ ਲਾਡੋਵਾਲ ਦੀ ਪੁਲਿਸ 250 ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੁਖ ਸਿੰਘ ਸੰਧੂ, ਲੇਬਰ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਪ੍ਰੇਮ ਲਾਲ, ਗੁਰਬਚਨ ਸਿੰਘ ਵਿਰਕ ਅਤੇ ਕੇਵਲ ਸਿੰਘ ਵਜੋਂ ਹੋਈ ਹੈ l ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਗੁਰਮੁਖ ਸਿੰਘ ਸੰਧੂ, ਪ੍ਰੇਮ ਲਾਲ, ਗੁਰਬਚਨ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ ਫਿਰੋਜ਼, ਕੁਲਦੀਪ ਸਿੰਘ, ਰਮੇਸ਼ ਸਹੋਤਾ ਸਮੇਤ 250 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ l ਕਾਬਲੇ ਗੌਰ ਹੈ ਕਿ ਟਰੱਕ ਆਪਰੇਟਰ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨl ਵੀਰਵਾਰ ਨੂੰ ਉਨ੍ਹਾਂ ਨੇ ਨੈਸ਼ਨਲ ਹਾਈਵੇ ਜਾਮ ਕਰਨ ਸਬੰਧੀ ਇਕੱਠ ਕਰਨਾ ਸ਼ੁਰੂ ਕੀਤਾl ਇਸੇ ਦੌਰਾਨ ਉਨ੍ਹਾਂ ਦੀ ਕਈ ਵਾਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ l ਆਪਣੀਆਂ ਮੰਗਾਂ ਮਨਵਾਉਣ ਲਈ ਉਨ੍ਹਾਂ ਨੇ ਲੁਧਿਆਣਾ ਜਲੰਧਰ ਰੋਡ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ l ਵੀਰਵਾਰ ਨੂੰ ਪੁਲਿਸ ਨੇ ਟਰੱਕ ਆਪਰੇਟਰ ਯੂਨੀਅਨ ਮੈਂਬਰਾਂ ਨੂੰ ਖੰਡਾਉਣ ਲਈ ਲਾਠੀ ਚਾਰਜ ਵੀ ਕੀਤਾ l ਇਸ ਪ੍ਰਦਰਸ਼ਨ ਦੇ ਦੌਰਾਨ ਕਈ ਘੰਟੇ ਜਾਮ ਲੱਗਾ ਰਿਹਾ l ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਅਤੇ ਜਲੰਧਰ ਤੋਂ ਲੁਧਿਆਣਾ ਆਉਣ ਵਾਲੇ ਵਿਅਕਤੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ l ਧਰਨਾ ਚੁਕਵਾਉਣ ਤੋਂ ਕਈ ਘੰਟਿਆਂ ਤੱਕ ਵੀ ਆਵਾਜਾਈ ਪ੍ਰਭਾਵਿਤ ਰਹੀl