ਟੀਮ ਇੰਡੀਆ ਨੇ ਹਰਾਇਆ ਇੰਗਲੈਂਡ ਨੂੰ, ਜਿੱਤ ਮਗਰੋਂ ਮਿਲੀ ਵੱਡੀ ਖੁਸ਼ਖਬਰੀ, BCCI ਨੇ ਵਧਾ ਦਿੱਤੀ ਸੈਲਰੀ

ਜਿਵੇਂ ਹੀ ਟੀਮ ਇੰਡੀਆ ਨੇ ਧਰਮਸ਼ਾਲਾ ‘ਚ ਪੰਜਵੇਂ ਟੈਸਟ ਮੈਚ ‘ਚ ਇੰਗਲੈਂਡ ਨੂੰ ਪਾਰੀ ਅਤੇ 64 ਦੌੜਾਂ ਨਾਲ ਹਰਾਇਆ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਵੱਡਾ ਫੈਸਲਾ ਲਿਆ ਹੈ। ਜੈ ਸ਼ਾਹ ਨੇ ਦੱਸਿਆ ਕਿ ਬੀਸੀਸੀਆਈ ਨੇ ਟੈਸਟ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਟੈਸਟ ਕ੍ਰਿਕਟ ਇੰਸੈਂਟਿਵ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਭਾਰਤੀ ਖਿਡਾਰੀਆਂ ਨੂੰ ਟੈਸਟ ਖੇਡਣ ਲਈ ਮਿਲਣ ਵਾਲੀ ਫੀਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਤਹਿਤ ਇੱਕ ਸੀਜ਼ਨ ਵਿੱਚ 75 ਫੀਸਦੀ ਮੈਚ ਖੇਡਣ ਵਾਲੇ ਖਿਡਾਰੀ ਨੂੰ ਪ੍ਰਤੀ ਮੈਚ 45 ਲੱਖ ਰੁਪਏ ਦਿੱਤੇ ਜਾਣਗੇ। ਜਦਕਿ ਪਲੇਇੰਗ-11 ‘ਚ ਨਾ ਹੋਣ ਵਾਲੇ ਖਿਡਾਰੀ ਨੂੰ 22.5 ਲੱਖ ਰੁਪਏ ਮਿਲਣਗੇ। ਭਾਰਤ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਇੰਗਲੈਂਡ ਨੂੰ 4-1 ਨਾਲ ਹਰਾ ਦਿੱਤਾ ਹੈ। ਇਹ ਜਿੱਤ ਉਸ ਸਮੇਂ ਮਿਲੀ ਜਦੋਂ ਭਾਰਤ ਪਹਿਲੇ ਟੈਸਟ ਮੈਚ ਵਿੱਚ ਹਾਰ ਗਿਆ ਸੀ। ਭਾਰਤ ਦੇ ਕਈ ਚੋਟੀ ਦੇ ਖਿਡਾਰੀ ਵੀ ਇਸ ਸੀਰੀਜ਼ ‘ਚ ਨਹੀਂ ਸਨ। ਇਸ ਤੋਂ ਬਾਅਦ ਬੀਸੀਸੀਆਈ ਵੱਲੋਂ ਲਏ ਗਏ ਫੈਸਲੇ ਨੇ ਯਕੀਨੀ ਤੌਰ ‘ਤੇ ਖਿਡਾਰੀਆਂ ਨੂੰ ਬਹੁਤ ਖੁਸ਼ੀ ਦਿੱਤੀ ਹੋਵੇਗੀ। ਇਸ ਸਕੀਮ ਮੁਤਾਬਕ ਇੱਕ ਸੀਜ਼ਨ ਵਿੱਚ ਟੀਮ ਦੇ ਕੁੱਲ ਟੈਸਟ ਮੈਚਾਂ ਦੇ 75 ਫੀਸਦੀ ਵਿੱਚ ਪਲੇਇੰਗ-11 ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ 45 ਲੱਖ ਰੁਪਏ ਦੀ ਕੁੱਲ ਫੀਸ ਮਿਲੇਗੀ। ਜਦਕਿ 75 ਫੀਸਦੀ ਮੈਚਾਂ ‘ਚ ਸਿਰਫ ਟੀਮ ਦਾ ਹਿੱਸਾ ਰਹਿਣ ਵਾਲੇ ਖਿਡਾਰੀਆਂ ਨੂੰ ਹਰ ਮੈਚ ਲਈ 22.5 ਲੱਖ ਰੁਪਏ ਮਿਲਣਗੇ। 50 ਫੀਸਦੀ ਮੈਚਾਂ ‘ਚ ਪਲੇਇੰਗ-11 ਦਾ ਹਿੱਸਾ ਰਹਿਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ ਕੁੱਲ 30 ਲੱਖ ਰੁਪਏ ਮਿਲਣਗੇ, ਜਦਕਿ ਇੰਨੇ ਹੀ ਮੈਚਾਂ ‘ਚ ਟੀਮ ਦਾ ਹਿੱਸਾ ਰਹਿਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ 15 ਲੱਖ ਰੁਪਏ ਦਿੱਤੇ ਜਾਣਗੇ। ਇਹ ਸਕੀਮ ਇਸ ਤੋਂ ਘੱਟ ਲਈ ਲਾਗੂ ਨਹੀਂ ਹੋਵੇਗੀ। ਉਸ ਨੂੰ ਮੌਜੂਦਾ ਮੈਚ ਫੀਸ ਮਿਲੇਗੀ। ਫਿਲਹਾਲ ਪਲੇਇੰਗ-11 ਦਾ ਹਿੱਸਾ ਬਣਨ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ 15 ਲੱਖ ਰੁਪਏ ਮਿਲਦੇ ਹਨ। ਇਸ ਨੂੰ ਹੋਰ ਸਰਲ ਤਰੀਕੇ ਨਾਲ ਸਮਝਾਉਂਦੇ ਹੋਏ ਬੀਸੀਸੀਆਈ ਨੇ ਕਿਹਾ ਕਿ ਜੇ ਟੀਮ ਇੰਡੀਆ ਇੱਕ ਸੀਜ਼ਨ ਵਿੱਚ ਕੁੱਲ 9 ਮੈਚ ਖੇਡਦੀ ਹੈ ਤਾਂ ਇਨ੍ਹਾਂ ਮੈਚਾਂ ਵਿੱਚੋਂ 75 ਫੀਸਦੀ ਮੈਚਾਂ ਦਾ ਨੰਬਰ 7 ਹੋਵੇਗਾ ਅਤੇ ਇਨ੍ਹਾਂ ਮੈਚਾਂ ਵਿੱਚ ਪਲੇਇੰਗ-11 ਵਿੱਚ ਸ਼ਾਮਲ ਖਿਡਾਰੀਆਂ ਨੂੰ 45 ਲੱਖ ਰੁਪਏ ਮਿਲਣਗੇ, ਜਦਕਿ ਪਲੇਇੰਗ-11 ‘ਚ ਨਹੀਂ ਆਉਣ ਵਾਲੇ ਖਿਡਾਰੀਆਂ ਨੂੰ 22.5 ਲੱਖ ਰੁਪਏ ਦਿੱਤੇ ਜਾਣਗੇ। ਜਦੋਂਕਿ ਜੇਕਰ ਕੋਈ ਖਿਡਾਰੀ 9 ਮੈਚਾਂ ਵਿੱਚੋਂ 50 ਫੀਸਦੀ ਯਾਨੀ 5-6 ਮੈਚਾਂ ਵਿੱਚ ਟੀਮ ਇੰਡੀਆ ਦੇ ਪਲੇਇੰਗ-11 ਦਾ ਹਿੱਸਾ ਹੈ, ਤਾਂ ਉਸ ਨੂੰ ਪ੍ਰਤੀ ਮੈਚ 30 ਲੱਖ ਰੁਪਏ ਅਤੇ ਜੋ ਖਿਡਾਰੀ ਸਿਰਫ਼ ਟੀਮ ਵਿੱਚ ਹੈ, ਉਸ ਨੂੰ ਪ੍ਰਤੀ ਮੈਚ 15 ਲੱਖ ਰੁਪਏ ਮਿਲਣਗੇ। ਇਸ ਤੋਂ ਘੱਟ ਵਾਲਿਆਂ ਨੂੰ ਹੀ ਪੁਰਾਣੀ ਫੀਸ ਮਿਲੇਗੀ। ਜੈ ਸ਼ਾਹ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਇਹ ਸਕੀਮ 2022-23 ਤੋਂ ਸ਼ੁਰੂ ਹੋਈ ਹੈ। ਹਾਲ ਹੀ ਵਿਚ ਦੇਖਿਆ ਗਿਆ ਸੀ ਕਿ ਕੁਝ ਖਿਡਾਰੀਆਂ ਨੇ ਟੈਸਟ ਕ੍ਰਿਕਟ ਤੇ ਕ੍ਰਿਕਟ ਨੂੰ ਪੂਰੀ ਤਰ੍ਹਾਂ ਤੋਂ ਅਣਗੌਲਿਆਂ ਕੀਤਾ ਅਤੇ ਆਈਪੀਐੱਲ ਦੀ ਤਿਆਰੀ ਵਿੱਚ ਲਗ ਗਏ ਕਿਉਂਕਿ ਆਈਪੀਐੱਲ ਵਿਚ ਖੂਬ ਪੈਸਾ ਮਿਲਦਾ ਹੈ। ਬੀਸੀਸੀਆਈ ਨੇ ਸ਼ਾਇਦ ਇਸੇ ਚੀਜ਼ ਨੂੰ ਕਾਊਂਟਰ ਕਰਨ ਲਈ ਇਹ ਸਕੀਮ ਲਾਂਚ ਕੀਤੀ ਹੈ। ਕੁਝ ਦਿਨਾਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਬੀਸੀਆਈ ਘਰੇਲੂ ਟੂਰਨਾਮੈਂਟਸ ਦੀ ਮੈਚ ਫੀਸ ਨੂੰ ਵਧਾਉਣ ‘ਤੇ ਜੋਰ ਦੇ ਰਹੀ ਹੈ ਤਾਂਕਿ ਇਨ੍ਹਾਂ ਟੂਰਨਾਮੈਂਟ ਦੀ ਅਣਦੇਖੀ ਨਾ ਕੀਤੀ ਜਾ ਸਕੇ।

Leave a Reply

Your email address will not be published. Required fields are marked *