ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ‘ਤੇ ਹਨ। ਬੀਤੇ ਵੀਰਵਾਰ ਨੂੰ ਹੀ ਉਨ੍ਹਾਂ ਸੰਗਰੂਰ ਵਿਖੇ 2487 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ। ਇਸ ਦੇ ਨਾਲ ਹੀ ਅੱਜ ਉਹ ਸੰਗਰੂਰ ਵਿਚ ਵਿਕਾਸ ਕ੍ਰਾਂਤੀ ਰੈਲੀ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਚੰਗੀ ਤਰ੍ਹਾਂ ਲੁੱਟਿਆ ਅਤੇ ਬਾਅਦ ਵਿਚ ਹੁਣ 100 ਰੁਪਏ ਦਾ ਸ਼ਗਨ ਦੇ ਦਿਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਵਾਪਸ ਜਾਣ ’ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ, ‘ਦੋਵੇਂ-ਪਿਓ ਪੁੱਤ ਮੇਰੇ ਤੋਂ ਹੀ ਹਾਰੇ ਸੀ। 6 ਕੁ ਮਹੀਨੇ ਪਹਿਲੇ ਘਰੋਂ ਨਿਕਲ ਕੇ ਬਾਅਦ ਵਿਚ ਘਰ ਵਾਪਸੀ ਕਰ ਲੈਂਦੇ ਨੇ…। ਅਕਾਲੀ ਦਲ ਵਿਚ ਵਾਪਸੀ ਤਾਂ ਹੋ ਗਈ ਪਰ ਜਿਨ੍ਹਾਂ ਘਰਾਂ ’ਚੋਂ ਲੋਕਾਂ ਨੇ ਕੱਢੇ ਉਥੇ ਵਾਪਸੀ ਨਹੀਂ ਹੋ ਸਕਦੀ। ਕਦੇ ਰਿਟਾਇਰ ਵੀ ਹੋਜੋ, ਨਵੇਂ ਮੁੰਡਿਆਂ ਨੂੰ ਕਦੋਂ ਕੰਮ ਕਰਨ ਦਿਓਗੇ?’ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਚੀਮਾ ਵਿਚ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 869 ਕਰੋੜ ਰੁਪਏ ਦੇ ਪ੍ਰਾਜੈਕਟ ਵੀ ਸ਼ੁਰੂ ਕੀਤੇ ਹਨ। ਇਹ ਪ੍ਰਾਜੈਕਟ ਸੰਗਰੂਰ ਦੇ ਲੋਕਾਂ ਲਈ ਹੈ, ਜਿਸ ਵਿਚ ਸਕੂਲ, ਸੜਕਾਂ ਆਦਿ ਵਰਗੇ ਪ੍ਰਾਜੈਕਟ ਸ਼ਾਮਲ ਹਨ।