ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਨਾਜ਼ੁਕ ਸਮੇਂ ‘ਤੇ ਰਾਘਵ ਚੱਢਾ ਦੀ ਗੈਰ-ਹਾਜ਼ਰੀ ‘ਤੇ ਚੁਟਕੀ ਲੈਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਦਰੂਨੀ ਫੁੱਟ ਅਤੇ ਬਗਾਵਤ ਦੇ ਕਾਰਨਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। “ਰਾਘਵ ਕੇਜਰੀਵਾਲ ਦੀ ਅੱਖ ਦਾ ਤਾਰਾ ਹੈ, ਉਹ ਪੰਜਾਬ ਵਿਚ ਸੁਪਰ ਸੀਐਮ ਵਜੋਂ ਕੰਮ ਕਰ ਰਿਹਾ ਹੈ ਅਤੇ ਚੁਣੇ ਹੋਏ ਸੀਐਮ ਭਗਵੰਤ ਮਾਨ ਦਾ ਅਪਮਾਨ ਕਰ ਰਿਹਾ ਹੈ; ਅਤੇ ਹੁਣ ਸੰਸਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਸਿਆਸੀ ਦ੍ਰਿਸ਼ ਤੋਂ ਹਟਾ ਦਿੱਤੇ ਜਾਂ ਦੇ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਆਪ ਪਾਰਟੀ ਅੰਦਰ ਸਭ ਕੁਛ ਠੀਕ ਨਹੀਂ”, ਜਾਖੜ ਨੇ ਕਿਹਾ ।
ਜਾਖੜ ਨੇ ਆਗੈ ਕਿਹਾ, “ਜੇਕਰ ਕੋਈ ਸਿਹਤ ਸੰਬੰਧੀ ਸਮੱਸਿਆ ਹੈ ਤਾਂ ਮੈਂ ਰਾਘਵਜੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਜਾਖੜ ਇੱਥੇ ਸਾਬਕਾ ਏਡੀਸੀ ਰਣਧੀਰ ਸਿੰਘ ਮੂਧਲ, ਬਿਕਰਮ ਮਜੀਠੀਆ ਦੇ ਸਾਬਕਾ ਓਐਸਡੀ ਐਡਵੋਕੇਟ ਰਮੇਸ਼ ਪਰਾਸ਼ਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੋਟਕਪੂਰਾ ਕਰਤਾਰ ਸਿੰਘ ਸਿੱਖੇਵਾਲ ਅਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਸਰਦਾਰ ਕਸ਼ਮੀਰ ਸਿੰਘ ਸਮੇਤ ਨਵੇਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।
ਇਕ ਸਵਾਲ ਦੇ ਜਵਾਬ ‘ਚ ਜਾਖੜ ਨੇ ਕਿਹਾ ਕਿ ‘ਆਪ’ ਅੰਦਰ ਕਲੇਸ਼ ਇੰਨਾ ਵੱਧ ਗਿਆ ਹੈ ਕਿ ਉਨ੍ਹਾਂ ਵੱਲੋਂ ਐਲਾਨੀਆਂ 8 ਸੀਟਾਂ ‘ਤੇ ਉਮੀਦਵਾਰ ਬਦਲ ਦਿੱਤੇ ਜਾਣਗੇ। “ਤੁਸੀਂ ਇਹਨਾਂ ਵਿੱਚੋਂ ਜ਼ਿਆਦਾਤਰ ਸੀਟਾਂ ‘ਤੇ ਉਮੀਦਵਾਰਾਂ ਵਿੱਚ ਬਦਲਾਅ ਦੇਖੋਗੇ ਕਿਉਂਕਿ ਐਲਾਨੇ ਗਏ ਚਿਹਰਿਆਂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੇਡਰ ਦੁਆਰਾ ਰੱਦ ਕਰ ਦਿੱਤਾ ਗਿਆ ਹੈ,” ਉਸਨੇ ਕਿਹਾ।
ਜਾਖੜ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਦੇ ਗੁਪਤ ਲਿਵ-ਇਨ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਦੋਵਾਂ ਨੂੰ ਆਪਣੇ ਰਸਮੀ ਵਿਆਹ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਇਹ ਵਿਸ਼ਵਾਸ ਕਰਨਾ ਬੰਦ ਕਰਨਾ ਚਾਹੀਦਾ ਹੈ ਕਿ ਪੰਜਾਬੀ ਇੰਨੇ ਬੇਕਸੂਰ ਹਨ ਕਿ ਉਹ ਪੰਜਾਬ ਨੂੰ ਲੁੱਟਣ ਦੇ ਗੁਪਤ ਸੌਦੇ ਤੋਂ ਅਣਜਾਣ ਹਨ।
ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਅਪਰਾਧਿਕ ਕਾਰਵਾਈ ਦੇ ਮੱਦੇਨਜ਼ਰ ਖੁਦ ਨੂੰ ਪੀੜਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਖ਼ਤ ਆਲੋਚਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਸਤਿੰਦਰ ਜੈਨ ਨੂੰ ਸੁਪਰੀਮ ਕੋਰਟ ਵਿੱਚ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਰੱਦ ਕਰਵਾਨ ਲਈ ਅਤੇ ਜ਼ਮਾਨਤ ਪ੍ਰਾਪਤ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਰਿਜੈਕਟ ਕੀਤੇ ਜਾਣਾ ਪ੍ਰਤੀਕ ਰੂਪ ਵਿੱਚ ਨੀਤੀ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੀ ਪੁਸ਼ਟੀ ਕਰਦਾ ਹੈ।
ਲੋਕਾਂ ਦੇ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਨੇ ਪਿਛਲੇ ਦਹਾਕੇ ਵਿੱਚ ਲਗਾਤਾਰ ਤਰੱਕੀ ਦੇਖੀ ਹੈ ਅਤੇ ਹਰ ਕੋਈ ਭਾਰਤ ਨੂੰ ਸਭ ਤੋਂ ਮਜ਼ਬੂਤ ਰਾਸ਼ਟਰ ਬਣਾਉਣ ਦੀ ਇਸ ਯਾਤਰਾ ਵਿੱਚ ਭਾਈਵਾਲ ਬਣਨਾ ਚਾਹੁੰਦਾ ਹੈ।
ਜਾਖੜ ਨੇ ਕਿਹਾ, “ਲੋਕ ਵਿਕਾਸ ਵਿੱਚ ਨਿਰੰਤਰਤਾ ਲਈ ਵੋਟ ਦੇਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਜਪਾ ਬਹੁਮਤ ਹਾਸਲ ਕਰੇਗੀ ਅਤੇ ਦੇਸ਼ ਨੂੰ ਅੱਗੇ ਵਧਣ ਨੂੰ ਯਕੀਨੀ ਬਣਾਏਗੀ।”ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਸੂਬਾ ਭਾਜਪਾ ਕਮੇਟੀ ਦੇ ਸਕੱਤਰ ਦੁਰਗੇਸ਼ ਸ਼ਰਮਾ ਅਤੇ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਹਾਜ਼ਰ ਸਨ।