ਪੰਜਾਬ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਮਿਲੇਗਾ 2 ਕਰੋੜ ਰੁਪਏ ਦਾ ਮੁਆਵਜ਼ਾ, ਜੱਦੀ ਪਿੰਡ ‘ਚ ਹੋਇਆ ਸਸਕਾਰ

ਹੁਸ਼ਿਆਰਪੁਰ – ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ‘ਚ ਐਤਵਾਰ ਨੂੰ ਪੁਲਿਸ-ਗੈਂਗਸਟਰ ਮੁਕਾਬਲੇ ‘ਚ ਸ਼ਹੀਦ ਹੋਏ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਸਸਕਾਰ ਸੋਮਵਾਰ ਨੂੰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਸ ਦੇ ਨਾਲ ਹੀ ਪੁਲਿਸ ਨੇ ਸੀਨੀਅਰ ਕਾਂਸਟੇਬਲ ਦੇ ਕਾਤਲ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਰਾਣਾ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਸ਼ਹੀਦ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਉਮਰ ਭਰ ਸਹਾਇਤਾ ਦਾ ਭਰੋਸਾ ਦਿੱਤਾ ਹੈ। ਪੁਲਿਸ ਮੁਤਾਬਕ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੂੰ ਇਨਪੁਟ ਮਿਲਿਆ ਹੈ ਕਿ ਗੈਂਗਸਟਰ ਰਾਣਾ ਕੰਢੀ ਖੇਤਰ ਦੇ ਜੰਗਲਾਂ ਵਿਚ ਲੁਕਿਆ ਹੋਇਆ ਹੈ। ਇਸ ਸਬੰਧੀ ਪੁਲਿਸ ਟੀਮਾਂ ਦਸੂਹਾ, ਹਾਜੀਪੁਰ, ਮੁਕੇਰੀਆਂ, ਤਲਵਾੜਾ, ਗੜ੍ਹਦੀਵਾਲਾ ਅਤੇ ਹੋਰ ਇਲਾਕਿਆਂ ਵਿਚ ਜਾਂਚ ਕਰ ਰਹੀਆਂ ਹਨ। ਮੁਲਜ਼ਮ ਰਾਣਾ ਦੇ ਰਿਸ਼ਤੇਦਾਰਾਂ ’ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਰਾਣਾ ਪੁਲਿਸ ਕਾਂਸਟੇਬਲ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਕਿਸੇ ਜਾਣਕਾਰ ਦੀ ਮਦਦ ਨਾਲ ਖੇਤਾਂ ਵਿਚੋਂ ਦੀ ਲੰਘ ਕੇ ਹਲਕਾ ਦਸੂਹਾ ਵਿਚ ਕੰਢੀ ਨਹਿਰ ਦੇ ਸ਼ਿਵਾਲਿਕ ਦੇ ਜੰਗਲਾਂ ਵਿਚ ਪਹੁੰਚ ਗਿਆ। ਇਸ ਇਨਪੁਟ ਦੇ ਆਧਾਰ ‘ਤੇ ਪੁਲਿਸ ਪੂਰੇ ਜ਼ਿਲ੍ਹੇ ਦੇ ਜੰਗਲਾਂ ‘ਚ ਸਰਚ ਆਪਰੇਸ਼ਨ ਚਲਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਰਾਣਾ ਦੇ ਜੰਗਲ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੰਜਾਬ-ਹਿਮਾਚਲ ਸਰਹੱਦ ‘ਤੇ ਵੱਡੀ ਗਿਣਤੀ ਵਿਚ ਸਿਪਾਹੀ ਤਾਇਨਾਤ ਕਰ ਦਿੱਤੇ ਹਨ। ਆਉਣ-ਜਾਣ ਵਾਲੇ ਲੋਕਾਂ ਅਤੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਿਵਾਲਿਕ ਦੇ ਜੰਗਲਾਂ ਦੀਆਂ ਪਹਾੜੀਆਂ ਹਿਮਾਚਲ ਦੀ ਸਰਹੱਦ ਨਾਲ ਲੱਗਦੀਆਂ ਹਨ। ਇਸ ਲਈ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮੁਕੇਰੀਆਂ ਦੇ ਪਿੰਡ ਮਨਸੂਰਪੁਰ ‘ਚ ਛਾਪੇਮਾਰੀ ਦੌਰਾਨ ਮੁਲਜ਼ਮ ਗੈਂਗਸਟਰ ਰਾਣਾ ਨੇ ਪਿੰਡ ਜੰਡੌਰ ਦੇ ਰਹਿਣ ਵਾਲੇ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਹਥਿਆਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸੂਚਨਾ ਦੇਣ ਵਾਲੇ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *