ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਮਾਤਾ ਚਰਨ ਕੌਰ ਦੇ IVF ਟ੍ਰੀਟਮੈਂਟ ਦੀ ਜਾਣਕਾਰੀ ਮੰਗਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਵਿਚ ਸਿਹਤ ਸਕੱਤਰ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ ਬਿਨਾਂ ਪਰਿਵਾਰ ਤੋਂ ਜਾਣਕਾਰੀ ਕਿਉਂ ਮੰਗੀ ਹੈ? ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੇ ਪ੍ਰਮੁੱਖ ਸਕੱਤਰ ਸਿਹਤ ਅਜੋਏ ਸ਼ਰਮਾ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਕਿ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਛੋਟੇ ਸ਼ੁਭਦੀਪ ਦੇ ਜਨਮ ਨੂੰ ਲੈ ਕੇ ਜਾਰੀ ਕੀਤੇ ਨੋਟਿਸ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ? ਅਤੇ ਇਸ ਮਾਮਲੇ ਵਿਚ ਸਿੱਧੀ ਕਾਰਵਾਈ ਕਿਉਂ ਕੀਤੀ ਹੈ ? ਦੱਸ ਦੇਈਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈਵੀਐੱਫ ਟ੍ਰੀਟਮੈਂਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ 21 ਤੋਂ 50 ਸਾਲ ਦੀ ਉਮਰ ਵਿਚ IVF ਟ੍ਰੀਟਮੈਂਟ ਕਰਵਾਇਆ ਜਾ ਸਕਦਾ ਹੈ ਪਰ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ ਬੱਚੇ ਨੂੰ ਜਨਮ ਦਿਤਾ ਹੈ। ਇਸ ਲਈ ਕੇਂਦਰ ਨੇ ਇਸ ਸਬੰਧੀ ਜਾਣਕਾਰੀ ਮੰਗੀ ਹੈ। ਕੇਂਦਰ ਨੇ ਚਿੱਠੀ ਵਿਚ ਲਿਖਿਆ ਹੈ ਕਿ ਮੀਡੀਆ ਰੀਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ ਆਈਵੀਐੱਫ ਰਾਹੀਂ ਬੱਚੇ ਨੂੰ ਜਨਮ ਦਿਤਾ ਹੈ। ਕਾਨੂੰਨ ਮੁਤਾਬਕ ਇਸ ਤਕਨੀਕ ਦੀ ਵਰਤੋਂ ਸਮੇਂ ਔਰਤ ਲਈ ਨਿਰਧਾਰਤ ਉਮਰ ਸੀਮਾ 21-50 ਸਾਲ ਦੇ ਵਿਚਕਾਰ ਹੈ। ਇਸ ਮਾਮਲੇ ਦੀ ਜਾਂਚ ਕਰਨ ਅਤੇ ਏਆਰਟੀ (ਰੈਗੂਲੇਸ਼ਨ) ਐਕਟ, 2021 ਦੇ ਅਨੁਸਾਰ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਰੀਪੋਰਟ ਭੇਜੀ ਜਾਵੇ। ਕੇਂਦਰ ਵਲੋਂ ਪੰਜਾਬ ਸਰਕਾਰ ਤੋਂ ਰੀਪੋਰਟ ਮੰਗੀ ਗਈ ਹੈ ਕਿ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਗਈ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਵੀਡੀਉ ਪੋਸਟ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਸਬੰਧੀ ਉਨ੍ਹਾਂ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਸੀ, ‘ਮੈਂ ਅਜੇ ਤਕ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਜੇਕਰ ਮੈਂ ਕਿਤੇ ਵੀ ਕਾਨੂੰਨ ਤੋਂ ਬਾਹਰ ਗਿਆ ਤਾਂ ਸਰਕਾਰ ਮੈਨੂੰ ਸਲਾਖਾਂ ਪਿੱਛੇ ਡੱਕ ਦੇਵੇ। ਜੇਕਰ ਸਰਕਾਰ ਨੂੰ ਫਿਰ ਵੀ ਭਰੋਸਾ ਨਹੀਂ ਹੈ ਤਾਂ ਪਹਿਲਾਂ ਕੇਸ ਦਰਜ ਕਰੋ ਅਤੇ ਜੇਲ ਵਿਚ ਬੰਦ ਕਰੋ। ਫਿਰ ਮਾਮਲੇ ਦੀ ਜਾਂਚ ਕਰੋ। ਮੈਂ ਭਰੋਸੇ ਨਾਲ ਕਹਿ ਰਿਹਾ ਹਾਂ ਕਿ ਇਲਾਜ ਮੁਕੰਮਲ ਹੋਣ ਤੋਂ ਬਾਅਦ ਸਾਰੇ ਕਾਨੂੰਨੀ ਦਸਤਾਵੇਜ਼ ਪੇਸ਼ ਕੀਤੇ ਜਾਣਗੇ’।