12ਵੀਂ ਕਲਾਸ ਦਾ ਪੇਪਰ ਮਾੜਾ ਹੋਣ ‘ਤੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਜਲੰਧਰ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਪੇਪਰ ਠੀਕ ਨਾ ਹੋਣ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਘਰ ਦੇ ਬਾਥਰੂਮ ਵਿਚੋਂ ਮਿਲੀ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਫਿਲਹਾਲ ਪੁਲਿਸ ਨੇ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 174 (ਇਤਫ਼ਾਕ) ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜੀਵਨ (17) ਵਾਸੀ ਗਦਾਈਪੁਰ ਵਜੋਂ ਹੋਈ ਹੈ। ਜੀਵਨ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਾਲ ਹੀ ‘ਚ 12ਵੀਂ ਜਮਾਤ ਦੇ ਪੇਪਰ ਹੋਣ ਤੋਂ ਬਾਅਦ ਬੇਟਾ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਬੀਤੀ ਦੇਰ ਸ਼ਾਮ ਉਸ ਨੇ ਬਾਥਰੂਮ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਾਫੀ ਦੇਰ ਤੱਕ ਜੀਵਨ ਬਾਹਰ ਨਾ ਆਇਆ ਤਾਂ ਉਨ੍ਹਾਂ ਗੇਟ ਖੜਕਾਇਆ। ਜਦੋਂ ਕੋਈ ਜਵਾਬ ਨਾ ਆਇਆ ਤਾਂ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਬਾਥਰੂਮ ਦੀ ਕੁੰਢੀ ਖੋਲੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਜੀਵਨ ਲਟਕ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹੇਠਾਂ ਲਿਆਂਦਾ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪਰਿਵਾਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚਓ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜੀਵਨ ਦਾ ਪਿਤਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਕੱਲ੍ਹ ਜੀਵਨ ਕੋਲੋਂ ਆਪਣੇ ਪਿਤਾ ਦਾ ਫੋਨ ਵੀ ਟੁੱਟ ਗਿਆ ਸੀ ਅਤੇ ਪੇਪਰ ਠੀਕ ਨਾ ਹੋਣ ਕਾਰਨ ਉਹ ਪਹਿਲਾਂ ਹੀ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਜੀਵਨ ਇੱਕ ਸਰਕਾਰੀ ਸਕੂਲ ਵਿੱਚ ਆਰਟਸ ਸਟਰੀਮ ਵਿਚੋਂ 12ਵੀਂ ਦੀ ਪੜ੍ਹਾਈ ਕਰ ਰਿਹਾ ਸੀ।

Leave a Reply

Your email address will not be published. Required fields are marked *