ਨਿਊ ਚੰਡੀਗੜ੍ਹ ਦੇ ਮੁੱਲਾਪੁਰ ਵਿਖੇ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਮੈਦਾਨ ‘ਤੇ ਕੱਲ੍ਹ ਦਿੱਲੀ ਅਤੇ ਪੰਜਾਬ ਵਿਚਾਲੇ IPL ਦਾ ਮੈਚ ਹੋਣ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਪੁਲਿਸ ਦੇ ADGP ਅਰਪਿਤ ਸ਼ੁਕਲਾ ਨੇ ਖੁਦ ਮੌਕੇ ‘ਤੇ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਲਿਆ। ਮੈਚ ਲਈ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਇਸ ਨਵੇਂ ਸਟੇਡੀਅਮ ਵਿੱਚ ਅਭਿਆਸ ਕਰ ਰਹੀਆਂ ਹਨ।ਪੁਲਿਸ ਨੇ ਇਸ ਮੈਚ ਨੂੰ ਲੈ ਕੇ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਹੈ। ਇਸ ਰੂਟ ਪਲਾਨ ਅਨੁਸਾਰ ਓਮੈਕਸ ਸਿਟੀ, ਕੁਰਾਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਕੁਰਾਲੀ ਦੇ ਰੂਟ ਮੋੜ ਦਿੱਤੇ ਗਏ ਹਨ। ਪੁਲਿਸ ਅਨੁਸਾਰ ਕੁਰਾਲੀ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਬੂਥਗੜ੍ਹ, ਸਿਸਵਾਂ ਟੀ ਪੁਆਇੰਟ ਅਤੇ ਚੰਡੀਗੜ੍ਹ ਬੈਰੀਅਰ ਰਾਹੀਂ ਚੰਡੀਗੜ੍ਹ ਆਉਣਾ ਪਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਕੁਰਾਲੀ ਜਾਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਬੈਰੀਅਰ, ਸਿਸਵਾਂ ਟੀ ਪੁਆਇੰਟ ਅਤੇ ਬੂਥਗੜ੍ਹ ਰਾਹੀਂ ਕੁਰਾਲੀ ਜਾਣਾ ਪਵੇਗਾ। ਇਹ ਡਾਇਵਰਸ਼ਨ ਮੋਹਾਲੀ ਪੁਲਿਸ ਨੇ ਕੱਲ੍ਹ ਦੇ ਮੈਚ ਦੌਰਾਨ ਕੀਤਾ ਹੈ। ਮੈਚ ਦੌਰਾਨ ਆਉਣ ਵਾਲੇ ਲੋਕਾਂ ਲਈ ਦੋ ਥਾਵਾਂ ‘ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਚੰਡੀਗੜ੍ਹ ਤੋਂ ਸਟੇਡੀਅਮ ਨੂੰ ਜਾਂਦੀ ਸੜਕ ’ਤੇ ਪੁਲ ਦੇ ਖੱਬੇ ਪਾਸੇ ਗੇਟ ਨੰਬਰ 01, 01ਏ, 01ਸੀ, 02 ਅਤੇ 04 ’ਤੇ ਪੁਲੀਸ ਵੱਲੋਂ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਸਟੇਡੀਅਮ ਦੇ ਗੇਟ ਨੰਬਰ 07, 11 ਅਤੇ 12 ਲਈ ਚੰਡੀਗੜ੍ਹ ਤੋਂ ਬੈਰੀਅਰ ਵੱਲ ਓਮੈਕਸ ਲਾਈਟ ਪੁਆਇੰਟ ਨੇੜੇ ਸਟੇਡੀਅਮ ਦੇ ਖੱਬੇ ਪਾਸੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।