ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਵਿਚ ਰੱਸੀ ਉਤੇ ਚੱਲ ਕੇ ਲੜਕੀ ਵਲੋਂ ਕੀਤੇ ਜਾ ਰਹੇ ਕਰਤੱਬ ਨੂੰ ਰੋਕ ਦਿਤਾ। ਬੈਂਸ ਨੇ ਲੜਕੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿਤੇ, ਤਾਂ ਜੋ ਉਹ ਕੋਈ ਕੰਮ ਕਰ ਕੇ ਅਪਣੇ ਪਰਵਾਰ ਦਾ ਪੇਟ ਪਾਲ ਸਕੇ। ਦਰਅਸਲ ਹਰਜੋਤ ਬੈਂਸ ਹੋਲੇ ਮਹੱਲੇ ਮੌਕੇ ਅਪਣੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਹਰਜੋਤ ਬੈਂਸ ਦੀ ਨਜ਼ਰ 10 ਸਾਲ ਤੋਂ ਘੱਟ ਉਮਰ ਦੀ ਲੜਕੀ ‘ਤੇ ਪਈ। ਲੜਕੀ ਰੱਸੀ ‘ਤੇ ਚੱਲ ਰਹੀ ਸੀ ਅਤੇ ਅਪਣੇ ਆਪ ਨੂੰ ਸੰਤੁਲਿਤ ਕਰਨ ਲਈ ਉਸ ਦੇ ਹੱਥ ਵਿਚ ਇਕ ਲੰਬੀ ਸੋਟੀ ਸੀ। ਇਹ ਦੇਖ ਕੇ ਹਰਜੋਤ ਬੈਂਸ ਤੁਰੰਤ ਉਸ ਵੱਲ ਵਧੇ ਅਤੇ ਲੜਕੀ ਨੂੰ ਫੜ ਕੇ ਰੱਸੀ ਨਾਲ ਹੇਠਾਂ ਉਤਾਰਿਆ। ਲੜਕੀ ਦੇ ਭਰਾ ਨੇ ਹਰਜੋਤ ਸਿੰਘ ਬੈਂਸ ਨੂੰ ਦਸਿਆ ਕਿ ਉਹ ਗਰੀਬ ਪਰਵਾਰ ਤੋਂ ਹੈ ਅਤੇ ਇਹ ਉਸ ਦਾ ਕੰਮ ਹੈ। ਇਸ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਲੜਕੀ ਦੀ ਉਮਰ ਸਕੂਲ ਜਾਣ ਦੀ ਹੈ ਅਤੇ ਤੁਸੀਂ ਉਸ ਨੂੰ ਇਹ ਕੰਮ ਕਰਵਾ ਦਿਓਗੇ। ਜੇਕਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਪਰ ਇਹ ਕੰਮ ਨਹੀਂ ਕਰਨਾ। ਹਰਜੋਤ ਬੈਂਸ ਨੇ ਅਪਣੀ ਜੇਬ ‘ਚੋਂ ਪੈਸੇ ਕੱਢ ਕੇ ਲੜਕੀ ਦੇ ਭਰਾ ਨੂੰ ਦਿਤੇ। ਲੋਕ ਇਥੇ ਤਮਾਸ਼ਾ ਦੇਖ ਰਹੇ ਹਨ, ਪਰ ਜੇਕਰ ਲੜਕੀ ਨੂੰ ਸੱਟ ਲੱਗੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਹਰਜੋਤ ਸਿੰਘ ਬੈਂਸ ਨੇ ਤੁਰੰਤ ਪੁਲਿਸ ਨੂੰ ਸਾਮਾਨ ਜ਼ਬਤ ਕਰਨ ਦੇ ਹੁਕਮ ਦਿਤੇ, ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਦਾ ਸਮਾਨ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਲੜਕੇ ਨੂੰ ਕੰਮ ਕਰਨ ਬਾਰੇ ਸਮਝਾਇਆ। ਹਰਜੋਤ ਸਿੰਘ ਬੈਂਸ ਨੇ ਇਸ ਦੌਰਾਨ ਲੜਕੀ ਦੇ ਭਰਾ ਨੂੰ ਚੇਤਾਵਨੀ ਵੀ ਦਿਤੀ। ਬੈਂਸ ਨੇ ਕਿਹਾ ਕਿ ਉਹ ਇਸ ਵਾਰ ਉਸ ਨੂੰ ਛੱਡ ਰਹੇ ਹਨ। ਜੇਕਰ ਉਹ ਦੁਬਾਰਾ ਅਜਿਹਾ ਕਰਦਾ ਦੇਖਿਆ ਗਿਆ ਤਾਂ ਅਸੀਂ ਉਸ ਵਿਰੁਧ ਕੇਸ ਦਰਜ ਕਰਾਂਗੇ।