ਐਕਟਿਵਾ ਨੂੰ ਟਰਾਲੇ ਨੇ ਮਾਰੀ ਟੱਕਰ, 7 ਸਾਲਾ ਬੱਚੀ ਦੀ ਮੌਤ

ਅੰਮ੍ਰਿਤਸਰ ਹਾਈਵੇਅ ‘ਤੇ ਕਰਤਾਰਪੁਰ ਨੇੜੇ ਐਕਟਿਵਾ ਨੂੰ ਟਰਾਲੇ ਨੇ ਟੱਕਰ ਮਾਰ ਦਿਤੀ। ਹਾਦਸੇ ‘ਚ ਐਕਟਿਵਾ ‘ਤੇ ਅਪਣੇ ਮਾਤਾ-ਪਿਤਾ ਨਾਲ ਜਾ ਰਹੀ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੈ। ਘਟਨਾ ਵਿਚ ਲੜਕੀ ਦੀ ਮਾਂ ਅਤੇ ਉਸ ਦਾ ਭਰਾ ਬਚ ਗਏ ਕਿਉਂਕਿ ਉਹ ਸੜਕ ਕਿਨਾਰੇ ਡਿੱਗ ਪਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਜਾਣਕਾਰੀ ਅਨੁਸਾਰ ਇਹ ਪਰਵਾਰ ਐਕਟਿਵਾ ‘ਤੇ ਪਿੰਡ ਕਾਹਲਵਾਂ ਤੋਂ ਕਰਤਾਰਪੁਰ ਵੱਲ ਜਾ ਰਿਹਾ ਸੀ। ਮ੍ਰਿਤਕ ਲੜਕੀ ਦੀ ਪਛਾਣ ਸਹਿਜਜੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਂ ਬਲਵੀਰ ਕੌਰ ਅਤੇ ਛੋਟੇ ਭਰਾ 5 ਸਾਲਾ ਸੁਖਜੀਤ ਸਿੰਘ ਵਾਸੀ ਧਨੋਵਾਲੀ, ਰਾਮਾਂ ਮੰਡੀ ਦੇ ਬਿਆਨ ਦਰਜ ਕਰ ਲਏ ਹਨ, ਜਿਸ ਤੋਂ ਬਾਅਦ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਕਰਤਾਰਪੁਰ ਦੇ ਐਸਐਚਓ ਸੁਖਪਾਲ ਸਿੰਘ ਨੇ ਦਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਇਹ ਹਾਦਸਾ ਕਰਤਾਰਪੁਰ ਦੇ ਪਿੰਡ ਕਾਹਲਵਾਂ ਦੇ ਨਾਲ ਲੱਗਦੇ ਸਰਾਏ ਖਾਸ ਪਿੰਡ ਕੋਲ ਹਾਈਵੇਅ ‘ਤੇ ਵਾਪਰਿਆ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਐਕਟਿਵਾ ‘ਤੇ ਜਾ ਰਹੇ ਪਰਵਾਰ ਨੂੰ 18 ਟਾਇਰ ਵਾਲੇ ਟਰਾਲੇ ਨੇ ਟੱਕਰ ਮਾਰ ਦਿਤੀ। ਟੱਕਰ ਤੋਂ ਬਾਅਦ ਪਿਤਾ ਅਤੇ ਲੜਕੀ ਸੜਕ ‘ਤੇ ਡਿੱਗ ਗਏ। ਜਦਕਿ ਮਾਂ ਅਤੇ ਦੂਜਾ ਬੱਚਾ ਸੜਕ ਕਿਨਾਰੇ ਡਿੱਗ ਪਏ। ਜਿਸ ਕਾਰਨ ਟਰਾਲੇ ਦਾ ਪਿਛਲਾ ਪਹੀਆ ਲੜਕੀ ਦੇ ਉਪਰੋਂ ਲੰਘ ਗਿਆ। ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਦਾਖਲ ਕਰਵਾਇਆ ਗਿਆ।

Leave a Reply

Your email address will not be published. Required fields are marked *