ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਦੀ ਹਿਰਾਸਤ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੀਤੀ ਸ਼ਾਮ ਉਨ੍ਹਾਂ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਮੁਲਾਕਾਤ ਕੀਤੀ। ਇਸ ਮਗਰੋਂ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਸ਼ੂਗਰ ਹੈ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ਵਿਚ ਨਹੀਂ ਹੈ। ਹਾਲਾਂਕਿ, ਉਨ੍ਹਾਂ ਦਾ ਇਰਾਦਾ ਦ੍ਰਿੜ ਹੈ। ਇਸ ਦੇ ਨਾਲ ਹੀ ਸੁਨੀਤਾ ਕੇਜਰੀਵਾਲ ਨੇ ਦਸਿਆ ਕਿ ਭਲਕੇ ਕੇਜਰੀਵਾਲ ਅਦਾਲਤ ਵਿਚ ਖੁਲਾਸਾ ਕਰਨਗੇ ਕਿ ਦਿੱਲੀ ਸ਼ਰਾਬ ਘੁਟਾਲੇ ਦਾ ਪੈਸਾ ਕਿਥੇ ਹੈ? ਉਨ੍ਹਾਂ ਕਿਹਾ, “ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਪਾਣੀ ਅਤੇ ਸੀਵਰੇਜ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿਤੇ ਸਨ। ਉਨ੍ਹਾਂ ਨੇ ਕੀ ਗਲਤ ਕੀਤਾ? ਕੇਂਦਰ ਨੇ ਇਸ ਲਈ ਵੀ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਾਇਰ ਕੀਤਾ ਹੈ। ਕੀ ਉਹ ਦਿੱਲੀ ਨੂੰ ਖਤਮ ਕਰਨਾ ਚਾਹੁੰਦੇ ਹਨ?” ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ, “ਅਖੌਤੀ ਸ਼ਰਾਬ ਘੁਟਾਲੇ ਸਬੰਧੀ ਈਡੀ ਨੇ ਦਿੱਲੀ ਦੇ ਕਈ ਮੰਤਰੀਆਂ ਦੇ ਘਰਾਂ ‘ਤੇ ਛਾਪੇ ਮਾਰੇ ਹਨ। ਈਡੀ ਨੇ 2 ਸਾਲਾਂ ’ਚ 250 ਤੋਂ ਜ਼ਿਆਦਾ ਛਾਪੇ ਮਾਰੇ ਅਤੇ ਅਖੌਤੀ ਸ਼ਰਾਬ ਘੁਟਾਲੇ ਦਾ ਪੈਸਾ ਲੱਭ ਰਹੀ ਹੈ। ਅਜੇ ਤਕ ਕੋਈ ਪੈਸਾ ਨਹੀਂ ਮਿਲਿਆ। ਸਾਡੇ ਘਰ ਰੇਡ ਮਾਰੀ ਅਤੇ ਸਿਰਫ਼ 73 ਹਜ਼ਾਰ ਰੁਪਏ ਮਿਲੇ। ਇਸ ‘ਘੁਟਾਲੇ’ ਦਾ ਪੈਸਾ ਕਿਥੇ ਹੈ, ਇਸ ਦਾ ਖੁਲਾਸਾ ਅਰਵਿੰਦ ਕੇਜਰੀਵਾਲ ਭਲਕੇ ਅਦਾਲਤ ਵਿਚ ਸਬੂਤਾਂ ਸਮੇਤ ਕਰਨਗੇ”।