ਲੋਕ ਸਭਾ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ’ਚ ਜਲੰਧਰ ਨੂੰ ਦੋ ਸੰਸਦ ਮੈਂਬਰ ਮਿਲੇ ਹਨ। 2019 ਤੋਂ ਜਨਵਰੀ 2022 ਤਕ ਸੰਤੋਖ ਸਿੰਘ ਚੌਧਰੀ ਸੰਸਦ ਮੈਂਬਰ ਰਹੇ। 14 ਜਨਵਰੀ 2022 ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਹੋਈ ਉਪ ਚੋਣ ਉਪਰੰਤ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੁਸ਼ੀਲ ਕੁਮਾਰ ਰਿੰਕੂ 10 ਮਹੀਨੇ ਲਈ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ੀਲ ਰਿੰਕੂ ਨੇ 10 ਮਹੀਨਿਆਂ ਦੌਰਾਨ ਕਈ ਮੁੱਦੇ ਚੁੱਕੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਦਾ ਜਲੰਧਰ ’ਚ ਰੋਕਣ ਦਾ ਮੁੱਦਾ ਵੀ ਸੰਸਦ ਮੈਂਬਰ ਰਿੰਕੂ ਨੇ ਕੇਂਦਰੀ ਮੰਤਰੀ ਕੋਲ ਚੁੱਕਿਆ ਸੀ। ਹਾਲਾਂਕਿ ਸਥਾਨਕ ਭਾਜਪਾ ਆਗੂ ਇਸ ਨੂੰ ਆਪਣੀ ਪ੍ਰਾਪਤੀ ਦੱਸਦੇ ਹਨ। ਰਿੰਕੂ ਦੇ ਐੱਮਪੀ ਬਣਨ ਤੋਂ ਬਾਅਦ ਵੀ ਸਮਾਰਟ ਸਿਟੀ ਜਲੰਧਰ ਦੀ ਕਿਸਮਤ ਨਹੀਂ ਬਦਲ ਸਕੀ। ਸਮਾਰਟ ਸਿਟੀ ਦੀ ਤਸਵੀਰ ਅਜੇ ਵੀ ਧੁੰਦਲੀ ਹੈ। ਸਮਾਰਟ ਸਿਟੀ ਪ੍ਰਾਜੈਕਟਾਂ ’ਚ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਸੰਸਦ ’ਚ ਉਹ ਨਹੀਂ ਚੁੱਕ ਸਕੇ। ਮਹਾਨਗਰ ਦੀਆਂ ਸੜਕਾਂ ਦੀ ਹਾਲਤ ਖ਼ਰਾਬ ਹੈ। ਕੂੜਾ ਪ੍ਰਬੰਧਨ, ਸਟਰੀਟ ਲਾਈਟ ਘੁਟਾਲਾ, ਸਮਾਰਟ ਰੋਡ ’ਚ ਧੋਖਾਧੜੀ ਕਿਸੇ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਜਲੰਧਰ ਦੀ ਖੇਡ ਸਨਅਤ ਦੀ ਸਥਿਤੀ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਈ ਹੈ। ਸੰਸਦ ਮੈਂਬਰ ਨੇ ਸੰਸਦ ’ਚ ਜੀਐੱਸਟੀ ਦਰਾਂ ’ਚ ਸੋਧ ਦੀ ਮੰਗ ਚੁੱਕੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਸੁਸ਼ੀਲ ਰਿੰਕੂ ਨੂੰ ਤਿੰਨ ਵਾਰ ਲੋਕ ਸਭਾ ਸੈਸ਼ਨਾਂ ’ਚ ਹਿੱਸਾ ਲੈਣ ਦੇ ਨਾਲ-ਨਾਲ ਦੋ ਵਾਰ ਸੰਸਦ ਤੋਂ ਮੁਅੱਤਲ ਵੀ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 10 ਮਹੀਨਿਆਂ ਦੌਰਾਨ ਮਿਲੀ 4.90 ਕਰੋੜ ਰੁਪਏ ਦੀ ਗ੍ਰਾਂਟ ’ਚੋਂ ਸੁਸ਼ੀਲ ਰਿੰਕੂ ਨੇ ਇਲਾਕੇ ਦੇ 107 ਵਿਕਾਸ ਕਾਰਜਾਂ ਲਈ 4.89 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਨ੍ਹਾਂ ’ਚੋਂ 2.37 ਕਰੋੜ ਰੁਪਏ ਸ਼ਹਿਰੀ ਤੇ 2.4 ਕਰੋੜ ਰੁਪਏ ਪੇਂਡੂ ਖੇਤਰਾਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਸੁਸ਼ੀਲ ਰਿੰਕੂ 10 ਮਹੀਨਿਆਂ ’ਚ ਕੇਂਦਰ ਸਰਕਾਰ ਤੋਂ ਜਲੰਧਰ ਲਈ ਕੋਈ ਵੀ ਵੱਡਾ ਪ੍ਰਾਜੈਕਟ ਮਨਜ਼ੂਰ ਨਹੀਂ ਕਰਵਾ ਸਕਿਆ ਹੈ। ਹਾਲਾਂਕਿ ਰਿੰਕੂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਆਪਣੇ ਤਿੰਨ ਸਾਲਾਂ ਦੌਰਾਨ ਜਲੰਧਰ ਲਈ ਕੋਈ ਜ਼ਿਕਰਯੋਗ ਵਿਕਾਸ ਪ੍ਰਾਜੈਕਟ ਲਿਆਉਣ ’ਚ ਸਫਲ ਨਹੀਂ ਹੋਏ ਸਨ। ਇਸ ਦੌਰਾਨ ਕੇਂਦਰ ਸਰਕਾਰ ਨੇ ਆਦਮਪੁਰ ਹਵਾਈ ਅੱਡੇ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਨਵਾਂ ਟਰਮੀਨਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ।