ਲੁਧਿਆਣਾ ‘ਚ ਦੋ ਸਕੀਆਂ ਭੈਣਾਂ ਨੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। ਵੀਰਵਾਰ ਰਾਤ ਕਰੀਬ 10 ਵਜੇ ਉਸ ਦੇ ਪਿਤਾ ਦੀ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਗੁਆਂਢੀ ਨਾਲ ਬਹਿਸ ਹੋ ਗਈ। ਜਦੋਂ ਉਨ੍ਹਾਂ ਦੇ ਪਿਤਾ ਨੇ ਰੌਲਾ ਪਾਇਆ ਤਾਂ ਦੋਹਾਂ ਭੈਣਾਂ ਨੇ ਆਪਣੇ ਗੁਆਂਢੀ ਦੇ ਸਿਰ ‘ਤੇ ਬੇਸਬਾਲ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਹਮਲਾਵਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਰੀਬ 2 ਤੋਂ 3 ਮਿੰਟ ਤੱਕ ਦੋਹਾਂ ਭੈਣਾਂ ਨੇ ਗੁਆਂਢੀ ਦੇ ਸਿਰ ‘ਤੇ ਠੰਡੇ ਮਾਰੇ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਕਤਲ ਕਰਨ ਵਾਲੀਆਂ ਲੜਕੀਆਂ ਦੀ ਉਮਰ 22 ਅਤੇ 24 ਸਾਲ ਦੇ ਕਰੀਬ ਹੈ। ਜਿਨ੍ਹਾਂ ਦੀ ਪਛਾਣ ਡਿੰਪੀ ਅਤੇ ਮਨੀ ਵਜੋਂ ਹੋਈ ਹੈ। ਇਲਾਕਾ ਵਾਸੀਆਂ ਨੇ ਜ਼ਖ਼ਮੀ ਵਿਅਕਤੀ ਸੁਖਵਿੰਦਰ ਸਿੰਘ ਉਰਫ ਬਬਲੂ ਨੂੰ ਗੰਭੀਰ ਹਾਲਤ ‘ਚ ਗਰੇਵਾਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਬਲੂ ਆਟੋ ਚਾਲਕ ਦਾ ਕੰਮ ਕਰਦਾ ਹੈ। ਉਹ ਕਰੀਬ 38 ਸਾਲਾਂ ਤੋਂ ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਢਿੱਲੋਂ ਨੰਬਰ ਗਲੀ ਨੰਬਰ 9 ਵਿੱਚ ਰਹਿ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਐਸਐਚਓ ਡਾਬਾ ਨੇ ਪੁਲਿਸ ਟੀਮ ਨਾਲ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਡਿੰਪੀ ਅਤੇ ਮਨੀ ਦੇ ਘਰੋਂ ਡੰਡੇ ਬਰਾਮਦ ਕੀਤੇ। ਸਾਰਾ ਪਰਿਵਾਰ ਘਰ ਛੱਡ ਕੇ ਭੱਜ ਗਿਆ ਪਰ ਸੂਤਰਾਂ ਮੁਤਾਬਕ ਬੱਚੀਆਂ ਦੀ ਮਾਂ ਨੂੰ ਪੁਲਿਸ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰੋਂ ਫੜ ਲਿਆ। ਬਾਕੀ ਦੋਸ਼ੀ ਅਜੇ ਫਰਾਰ ਹਨ।