ਅਕਾਲੀ ਆਗੂ ਰਤਨ ਸ਼ਰਮਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਦੇ ਨਾਲ-ਨਾਲ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਵੇਂ ਅਸਤੀਫ਼ੇ ਲਈ ਨਿੱਜੀ ਕਾਰਨ ਦੱਸਿਆ ਹੈ ਪਰ ਉਨ੍ਹਾਂ ਦੇ ਅਸਤੀਫ਼ੇ ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਅਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮਲੂਕਾ ਪਰਿਵਾਰ ਦੇ ਅਤੀ ਨੇੜਲੇ ਸਮਝੇ ਜਾਂਦੇ ਰਤਨ ਸ਼ਰਮਾ ਮਲੂਕਾ ਪਿਛਲੇ 18 ਸਾਲਾਂ ਤੋਂ ਮਲੂਕਾ ਪਰਿਵਾਰ ਦੇ ਪੀਆਰਓ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਯੂਥ ਅਕਾਲੀ ਦਲ ਦੇ ਪ੍ਰੈਸ ਸਕੱਤਰ ਵੀ ਰਹੇ ਅਤੇ ਅਕਾਲੀ ਦਲ ਦਾ ਢਾਂਚਾ ਭੰਗ ਹੋਣ ਤਕ ਉਹ ਅਕਾਲੀ ਦਲ ਬਠਿੰਡਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਵਜੋਂ ਕੰਮ ਕਰਦੇ ਰਹੇ। ਮੌਜੂਦਾ ਸਮੇਂ ਵੀ ਪ੍ਰੈਸ ਨਾਲ ਸਬੰਧਤ ਹੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਆਪਣੇ ਅਸਤੀਫੇ ’ਚ ਉਨ੍ਹਾਂ ਕਿਹਾ ਕਿ ਕੁਝ ਨਿੱਜੀ ਰੁਝੇਵਿਆਂ ਕਾਰਨ ਉਹ ਅਸਤੀਫਾ ਦੇ ਰਹੇ ਹਨ। ਮੌਜੂਦਾ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੌਰਿਆਂ ਦੌਰਾਨ ਹੁਣ ਜ਼ਿਲ੍ਹਾ ਪ੍ਰੈਸ ਸਕੱਤਰ ਲਈ ਕੋਈ ਖਾਸ ਕੰਮ ਨਹੀਂ ਰਿਹਾ, ਕਿਉਂਕਿ ਸਭ ਦੇ ਆਪਣੇ-ਆਪਣੇ ਮੀਡੀਆ ਸਲਾਹਕਾਰ ਹਨ। ਉਹ ਨਿੱਜੀ ਤੌਰ ’ਤੇ ਮਲੂਕਾ ਪਰਿਵਾਰ ਲਈ ਮੀਡੀਆ ਦੇ ਖੇਤਰ ਤੋਂ ਇਲਾਵਾ ਹਰ ਹੁਕਮ ਤੇ ਡੱਟ ਕੇ ਪਹਿਰਾ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕੇ ਉਹ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਜ਼ਲ੍ਹਿਾ ਪ੍ਰਧਾਨ ਬਲਕਾਰ ਸਿੰਘ ਬਰਾੜ ਦਾ ਲੰਮੇ ਸਮੇਂ ਲਈ ਅਹਿਮ ਜ਼ਿੰਮੇਵਾਰੀ ਦਿੱਤੇ ਜਾਨ ਲਈ ਧੰਨਵਾਦ ਕਰਦੇ ਹਨ।