ਪੰਜਾਬ ਦੇ ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ਕੰਪਲੈਕਸ ਵਿਚ ਇੱਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਜ਼ੁਰਗ ਦਾ ਕਤਲ ਹੋਇਆ ਹੈ ਜਾਂ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜੇਲ੍ਹ ਦੀ ਚਾਰਦੀਵਾਰੀ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਦਾ ਪਿਤਾ ਉਸ ਦੇ ਨਾਲ ਇਸੇ ਕੁਆਰਟਰ ਵਿਚ ਰਹਿੰਦਾ ਹੈ। ਮ੍ਰਿਤਕ ਦਾ ਨਾਂ ਜਮਾਲੁੱਦੀਨ ਹੈ। ਬੇਟੇ ਦੀ ਪੋਸਟਿੰਗ ਤੋਂ ਬਾਅਦ ਉਹ ਜੇਲ੍ਹ ਦੀ ਚਾਰਦੀਵਾਰੀ ਵਿੱਚ ਰਹਿ ਰਿਹਾ ਸੀ। ਵੀਰਵਾਰ ਦੇਰ ਰਾਤ ਜਦੋਂ ਪੁਲਿਸ ਮੁਲਾਜ਼ਮਾਂ ਨੇ ਜੇਲ੍ਹ ਦੇ ਅੰਦਰ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਕਮਰੇ ‘ਚ ਪਹੁੰਚੇ ਅਤੇ ਬਜ਼ੁਰਗ ਨੂੰ ਜ਼ਮੀਨ ‘ਤੇ ਪਿਆ ਦੇਖਿਆ। ਉਸ ਦੇ ਸਰੀਰ ਨੂੰ ਅੱਗ ਲੱਗੀ ਹੋਈ ਸੀ। ਅੱਗ ਕਾਰਨ ਸਰੀਰ ਪੂਰੀ ਤਰ੍ਹਾਂ ਕੋਲਾ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਮ੍ਰਿਤਕ ਇੱਕ ਪੁਲਿਸ ਮੁਲਾਜ਼ਮ ਦਾ ਪਿਤਾ ਹੈ। ਉਹ ਜੇਲ੍ਹ ਦੇ ਅੰਦਰ ਇੱਕ ਕਮਰੇ ਵਿਚ ਰਹਿ ਰਿਹਾ ਸੀ। ਮੌਤ ਕਿਨ੍ਹਾਂ ਹਾਲਾਤਾਂ ‘ਚ ਹੋਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ।