ਜਗਰਾਉਂ ‘ਚ ਆਪਣੇ ਵੱਡੇ ਭਰਾ ਦੇ ਵਿਆਹ ਦੀ ਤਿਆਰੀ ਕਰ ਰਹੇ ਛੋਟੇ ਭਰਾ ਦੀ ਮਿਠਾਈ ਦੀ ਦੁਕਾਨ ‘ਚ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ। ਉਕਤ ਨੌਜਵਾਨ ਕਾਫੀ ਸਮੇਂ ਤੋਂ ਹਲਵਾਈ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਅੰਕਿਤ ਕੁਮਾਰ ਯਾਦਵ ਵਾਸੀ ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅੰਕਿਤ ਦੇ ਭਰਾ ਦਾ ਵਿਆਹ 23 ਅਪ੍ਰੈਲ 2024 ਨੂੰ ਬਿਹਾਰ ‘ਚ ਹੋਣਾ ਸੀ। ਜਿਸ ਲਈ ਅੰਕਿਤ ਤਿਆਰੀਆਂ ‘ਚ ਰੁੱਝਿਆ ਹੋਇਆ ਸੀ। ਦੋ ਦਿਨਾਂ ਬਾਅਦ ਉਸ ਨੇ ਬਿਹਾਰ ਜਾਣਾ ਸੀ। ਅੰਕਿਤ ਪਿਛਲੇ ਕਾਫੀ ਸਮੇਂ ਤੋਂ ਪਿੰਡ ਅਖਾੜਾ ਸਥਿਤ ਦੀਪਕ ਰਾਏ ਸਵੀਟ ਸ਼ਾਪ ‘ਤੇ ਕੰਮ ਕਰਦਾ ਸੀ। ਦੁਕਾਨ ਦੀ ਸਫਾਈ ਕਰਦੇ ਸਮੇਂ ਮ੍ਰਿਤਕ ਦੁਕਾਨ ਦੇ ਅੰਦਰ ਫਰਸ਼ ‘ਤੇ ਪੋਚਾ ਲਗਾ ਰਿਹਾ ਸੀ। ਜਿਸ ਕਾਰਨ ਉਸ ਦੇ ਦੋਵੇਂ ਹੱਥ ਪਾਣੀ ਨਾਲ ਗਿੱਲੇ ਸਨ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਝਟਕਾ ਲੱਗਦੇ ਹੀ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਦੁਕਾਨਦਾਰਾਂ ਨੇ ਉਸ ਨੂੰ ਤੁਰੰਤ ਜਗਰਾਓਂ ਦੇ ਨਿੱਜੀ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਮੁਤਾਬਕ ਅੰਕਿਤ ਮਰਿਆ ਹੋਇਆ ਹੀ ਹਸਪਤਾਲ ਆਇਆ ਸੀ। ਜਿਸ ਤੋਂ ਬਾਅਦ ਦੁਕਾਨਦਾਰ ਨੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰਖਵਾਇਆ ਅਤੇ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਪੁਲਿਸ ਨੂੰ ਦਿੱਤੀ। ਸੋਮਵਾਰ ਨੂੰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅੰਕਿਤ ਦੀ ਦੇਹ ਨੂੰ ਬਿਹਾਰ ਭੇਜਿਆ ਜਾਵੇਗਾ। ਇਸ ਦੌਰਾਨ ਦੁਕਾਨ ਮਾਲਕ ਦੀਪਕ ਰਾਏ ਨੇ ਦੱਸਿਆ ਕਿ ਬਿਹਾਰ ‘ਚ ਮ੍ਰਿਤਕ ਅੰਕਿਤ ਦੇ ਵੱਡੇ ਭਰਾ ਦੇ ਵਿਆਹ ਨੂੰ ਲੈ ਕੇ ਪੂਰਾ ਪਰਿਵਾਰ ਖੁਸ਼ ਸੀ ਪਰ ਹੁਣ ਅਕਿਤ ਦੀ ਮੌਤ ਦੀ ਖਬਰ ਨੇ ਖੁਸ਼ੀ ਨੂੰ ਮਾਤਮ ‘ਚ ਬਦਲ ਦਿੱਤਾ ਹੈ।