ਐਤਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਪਾਇਲ ਵਿਖੇ ਕਰਵਾਏ ਗਏ ਬੂਥ ਸੰਮੇਲਨ ਦੌਰਾਨ (BJP Booth Meeting) ਭਾਜਪਾ ਵਰਕਰਾ ਦਰਮਿਆਨ ਜ਼ਬਰਦਸਤ ਹੰਗਾਮਾ ਹੋਇਆ। ਇਹ ਹੰਗਾਮਾ ਸੰਮੇਲਨ ’ਚ ਭਾਜਪਾ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ.ਭੁਪਿੰਦਰ ਸਿੰਘ ਚੀਮਾ ਦੀ ਹਾਜ਼ਰੀ ’ਚ ਹੋਇਆ। ਇਸ ਬੂਥ ਸੰਮੇਲਨ ’ਚ ਭਾਜਪਾ ਦੀ ਆਪਸੀ ਫੁੱਟ ਦੇਖਣ ਨੂੰ ਮਿਲੀ ਤੇ ਭਾਜਪਾ ਵਰਕਰਾਂ ਦੀ ਇਸ ਜ਼ਬਰਦਸਤ ਲੜਾਈ ’ਚ ਮੇਜ਼, ਕੁਰਸੀਆਂ ਤੇ ਘਸੁੰਨ-ਮੁੱਕੇ ਚੱਲੇ। ਇਸ ਬੂਥ ਸੰਮੇਲਨ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਗੁਲਜ਼ਾਰੀ ਨਾਮ ਦੇ ਵਿਅਕਤੀ ਨੇ ਰੌਲਾ ਪਾ ਲਿਆ ਕਿ ਉਸਨੂੰ ਬੋਲਣ ਨਹੀ ਦਿੱਤਾ ਜਾ ਰਿਹਾ ਤੇ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਸਟੇਜ ’ਤੇ ਮੌਜੂਦ ਲੋਕਾਂ ਨਾਲ ਤੂੰ-ਤੂੰ, ਮੈਂ ਮੈਂ ਸ਼ੁਰੂ ਹੋ ਗਈ ਤੇ ਗੱਲ ਹੱਥੋਪਾਈ ਤਕ ਪਹੁੰਚ ਗਈ। ਉਸ ਤੋਂ ਬਾਅਦ ਕਿਸੇ ਨੇ ਉਕਤ ਗੁਲਜਾਰੀ ਨਾਮ ਦੇ ਵਿਅਕਤੀ ਦੀ ਪੱਗ ਉਤਾਰ ਦਿੱਤੀ, ਖ਼ੂਬ ਲੱਤਾਂ-ਮੁੱਕੇ ਚੱਲੇ ਤੇ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ। ਸਟੇਜ ਉੱਪਰ ਮੌਜੂਦ ਵਿਅਕਤੀ ਆਪਸ ’ਚ ਭਿੜ ਗਏ ਤੇ ਇੱਕ-ਦੂਜੇ ’ਤੇ ਸਾਮਾਨ, ਮੇਜ਼ ਤੇ ਮਾਈਕ ਸੁੱਟਣ ਲੱਗੇ, ਬਾਅਦ ’ਚ ਉੱਥੇ ਮੌਜੂਦ ਪੁਲਿਸ ਨੇ ਸਥਿਤੀ ਸੰਭਾਲਿਆ। ਇਸ ਮੌਕੇ ਡੀਐੱਸਪੀ ਪਾਇਲ ਨਿਖਿਲ ਗਰਗ ਨੇ ਕਿਹਾ ਸਥਿਤੀ ਕੰਟਰੋਲ ’ਚ ਹੈ ਤੇ ਸ਼ਿਕਾਇਤ ਮਿਲਣ ’ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਪ੍ਰੋ.ਭੁਪਿੰਦਰ ਸਿੰਘ ਚੀਮਾ ਨੇ ਇਸ ਲੜਾਈ ਝਗੜੇ ਸਬੰਧੀ ਕਿਹਾ ਕਿ ਇੱਕ ਵਿਅਕਤੀ ਵੱਲੋਂ ਇਹ ਸਾਰਾ ਲੜਾਈ ਝਗੜਾ ਜਾਣ-ਬੁੱਝ ਕੀਤਾ ਗਿਆ ਤਾਂ ਕਿ ਇਸ ਸਮਾਗਮ ਨੂੰ ਖ਼ਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪਾਰਟੀ ਦਾ ਅਕਸ ਖ਼ਰਾਬ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਹੈ।