ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ CM ਚੰਨੀ ਨੂੰ ਉਤਾਰਿਆ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਕਾਂਗਰਸ ਵੱਲੋਂ ਲੋਕ ਸਭਾ ਚੋਣਾ ਜਲੰਧਰ (Jalandhar Lok Sabha Constituency) ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਚਲਦੇ ਸੋਮਵਾਰ ਸਵੇਰੇ ਚੰਨੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (Sri Harmandir Sahbi) ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਚੰਨੀ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੀ ਭਲੇ ਦੀ ਅਰਦਾਸ ਕੀਤੀ। ਜਲੰਧਰ ਤੋਂ ਵਿਧਾਇਕ ਪਰਗਟ ਸਿੰਘ, ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਰਾਜਿੰਦਰ ਸਿੰਘ ਬਾਬਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਚੰਨੀ ਨੇ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੁਆਬੇ ਤੋਂ ਜਲੰਧਰ ਸੀਟ ਤੋਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਲਈ ਉਹ ਗੁਰੂ ਘਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਾਹਿਗੁਰੂ ਨੇ ਦੁਆਬੇ ਵਿੱਚ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਇਹ ਮਾਨ ਬਖਸ਼ਿਆ ਹੈ ਤੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਤੁਹਾਡੀ ਆਸ ਤੇ ਖਰਾ ਉਤਰਾਂ। ਉਨ੍ਹਾਂ ਕਿਹਾ ਕਿ ਮੈਂ ਦੁਆਬੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਸੁਦਾਮਾ ਬਣ ਕੇ ਤੁਹਾਡੇ ਕੋਲ ਆਇਆ ਹਾਂ ਤੇ ਤੁਸੀਂ ਕ੍ਰਿਸ਼ਨ ਬਣ ਕੇ ਮੇਰਾ ਸਾਥ ਦੇਵੋ। ਉਨ੍ਹਾਂ ਕਿਹਾ ਕਿ ਲੋਕਾਂ ਨੇ ਚਮਕੌਰ ਸਾਹਿਬ ਤੋਂ ਮੈਨੂੰ ਆਜ਼ਾਦ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ ਤੇ ਅੱਜ ਉਹ ਇਲਾਕਾ ਪੰਜਾਬ ਵਿੱਚ ਨੰਬਰ ਇੱਕ ਤੇ ਦਿਖਾਈ ਦਿੰਦਾ ਹੈ, ਜਿਹੜਾ ਕਿ ਕਿਸੇ ਸਮੇਂ ਤੇ ਪਿਛੜਿਆ ਹੋਇਆ ਇਲਾਕਾ ਸੀ। ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਜਾ ਕੇ ਵੀ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਵੀ ਚਮਕੌਰ ਸਾਹਿਬ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਵਿੱਚ ਗਲਿਆਰਾ ਬਣਿਆ ਹੈ ਉਸ ਤਰ੍ਹਾਂ ਹੀ ਚਮਕੌਰ ਸਾਹਿਬ ਵਿਖੇ ਵੀ ਇਸ ਤਰ੍ਹਾਂ ਦਾ ਹੀ ਗਲਿਆਰਾ ਬਣਿਆ ਹੈ। ਚਮਕੌਰ ਸਾਹਿਬ ਵਿੱਚ ਵੀ ਸ਼ਹੀਦਾਂ ਦੀ ਯਾਦ ਵਿੱਚ ਇੱਕ ਅਜੂਬਾ ਬਣਾਇਆ ਗਿਆ ਹੈ। ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਕੋਈ ਅਜਿਹੀ ਸੜਕ ਨਹੀਂ ਜਿਹੜੀ ਕੱਚੀ ਰਹਿ ਗਈ ਹੋਵੇ। ਸਾਰੀਆਂ ਸੜਕਾਂ ਪੱਕੀਆਂ ਬਣਾ ਦਿੱਤੀਆਂ ਹਨ। ਉੱਥੇ ਸਿੱਖਿਆ ਲਈ ਵਧੀਆ ਵਧੀਆ ਕਾਲਜ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹੀ ਚੀਜ਼ਾਂ ਲੈ ਕੇ ਮੈਂ ਜਲੰਧਰ ਜਾ ਰਿਹਾ ਹਾਂ ਤੇ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਤੁਸੀਂ ਮੈਨੂੰ ਇੱਕ ਵਾਰ ਗੋਦ ਲੈ ਲਓ। ਜਲੰਧਰ ਵਿੱਚ ਹੀ ਸਾਡੇ ਜਠੇਰੇ ਹਨ ਤੇ ਜਲੰਧਰ ਵਿੱਚ ਹੀ ਸਾਡੇ ਬਜ਼ੁਰਗ ਰਹਿੰਦੇ ਰਹੇ ਹਨ। ਫਿਰ ਅੱਜ ਮੈਂ ਉਸੇ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਜਾ ਰਿਹਾ ਹਾਂ ਤੇ ਮੈਂਨੂੰ ਉਹ ਧਰਤੀ ਪਿਆਰ ਨਿਵਾਜੇ ਤੇ ਮੈਂ ਉਨ੍ਹਾਂ ਦੀ ਸੇਵਾ ਕਰ ਸਕਾ। ਚੰਨੀ ਨੇ ਆਮ ਆਦਮੀ ਪਾਰਟੀ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਆਈ ਸੀ ਉਹ ਲੋਕਾਂ ਵਿੱਚ ਇਕ ਭੁਲੇਖਾ ਇਨਕਲਾਬ ਦਾ ਲੈ ਕੇ ਆਈ ਸੀ। ਪਰ ਉਹ ਇਨਕਲਾਬ ਪਤਾ ਨਹੀਂ ਕਿਹੜੀ ਹਵਾ ਦੇ ਵਿਚ ਰੁੜ੍ਹ ਗਿਆ।ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਦਾ ਪਹਿਲਾ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਕੁਝ ਹੋਰ ਬਣ ਗਿਆ ਹੈ ਉਹ ਚਿਹਰਾ ਮੁਰਝਾ ਗਿਆ ਹੈ। ਹੁਣ ਈਡੀ ਦੀ ਲੜਾਈ ਹੈ ਪੰਜਾਬ ਦੇ ਭਵਿੱਖ ਦੀ ਲੜਾਈ ਹੈ। ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਿਹਾ ਹੈ। ਕਿਸਾਨਾਂ ‘ਤੇ ਗੋਲ਼ੀਆਂ ਚੱਲੀਆਂ, ਕਿਸਾਨ ਸ਼ਹੀਦ ਹੋਏ, ਕਿਸਾਨਾਂ ਨੂੰ ਢਾਹ ਲਾਣ ਦੀ ਕੋਸ਼ਿਸ਼ ਕੀਤੀ ਗਈ। ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਜੇਲ੍ਹਾਂ ‘ਚ ਡੱਕਿਆ ਹੈ, ਅੱਜ ਉਸ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ। ਜਿਹੜੀ ਕੇਂਦਰ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ, ਜਿਹੜੇ ਪੰਜਾਬ ਦੇ ਵਿਰੋਧੀ ਹਨ…ਅੱਜ ਉਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ ਅਸੀਂ ਅੱਗੇ ਹੋਕੇ ਲੜਾਗੇ। ਪਾਰਟੀ ਵੱਲੋਂ ਜਿਹੜੇ ਤਗੜੇ ਐਮਪੀ ਹਨ ਜਿਨ੍ਹਾਂ ਦਾ ਵਜੂਦ ਹੈ, ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਦਲਾਅ ਦਾ ਨਾਅਰਾ ਲੈ ਕੇ ਆਈ ਸੀ।

Leave a Reply

Your email address will not be published. Required fields are marked *