ਕਪੂਰਥਲਾ ਦੇ ਪਿੰਡ ਸੈਫਲਾਬਾਦ ‘ਚ ਕੁੱਝ ਦਿਨ ਪਹਿਲਾਂ ਅਪਣੇ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਮੁੱਖ ਮੁਲਜ਼ਮ ਜਵਾਈ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਕੇਸ ਵਿਚ ਥਾਣਾ ਫੱਤੂਢੀਂਗਾ ਪੁਲਿਸ ਪਹਿਲਾਂ ਹੀ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਨਾਮਜ਼ਦ ਹੋਰ ਦੋ ਮੁਲਜ਼ਮ ਔਰਤਾਂ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਫੱਤੂਢੀਂਗਾ ਦੇ ਐਸਐਚਓ ਕੰਵਰਜੀਤ ਸਿੰਘ ਨੇ ਦਸਿਆ ਕਿ ਮਨਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸੈਫਲਾਬਾਦ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਦੀ ਛੋਟੀ ਭੈਣ ਪਰਮਜੀਤ ਕੌਰ ਨੇ ਅਪਣੀ ਮਰਜ਼ੀ ਨਾਲ ਅਪਣੀ ਭੂਆ ਦੇ ਲੜਕੇ ਗੁਰਪ੍ਰੀਤ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ | ਉਸ ਦੀ ਭੂਆ ਕੁਲਦੀਪ ਕੌਰ ਵੀ ਅਪਣੇ ਪਰਿਵਾਰ ਨਾਲ ਪਿੰਡ ਸੈਫਲਾਬਾਦ ਵਿਚ ਇਕ ਐਨਆਰਆਈ ਦੀ ਕੋਠੀ ਵਿਚ ਰਹਿੰਦੀ ਸੀ। ਉਸ ਦੀ ਭੂਆ ਦਾ ਲੜਕਾ ਗੁਰਪ੍ਰੀਤ ਸਿੰਘ ਉਸ ਦੀ ਭੈਣ ਨਾਲ ਪਿੰਡ ਵਿਚ ਜਾਣ-ਬੁੱਝ ਕੇ ਘੁੰਮਦਾ ਰਹਿੰਦਾ ਸੀ ਅਤੇ ਉਨ੍ਹਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਵਧ ਗਿਆ। 10 ਅਪ੍ਰੈਲ ਨੂੰ ਰਾਤ ਕਰੀਬ 10 ਵਜੇ ਹੋਈ ਲੜਾਈ ਦੌਰਾਨ ਉਸ ਦਾ ਪਿਤਾ ਗੁਰਮੁਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ ’ਤੇ ਚਾਰ ਮੁਲਜ਼ਮਾਂ ਕੁਲਦੀਪ ਕੌਰ, ਕਾਰਜ ਸਿੰਘ, ਗੁਰਪ੍ਰੀਤ ਸਿੰਘ ਅਤੇ ਸੋਨੀਆ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੁਲਜ਼ਮ ਕਾਰਜ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਐਸਐਚਓ ਕੰਵਰਜੀਤ ਸਿੰਘ ਨੇ ਦਸਿਆ ਕਿ ਪੁਲਿਸ ਟੀਮ ਨੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸੈਫਲਾਬਾਦ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਸੀ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।