ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੀਰਥ ਯਾਤਰਾ ਤੋਂ ਪਹਿਲਾਂ ਭਾਰੀ ਬਰਫ਼ਬਾਰੀ ਨਾਲ ਢਕਿਆ ਗਿਆ ਹੈ। ਬਰਫਬਾਰੀ ਤੋਂ ਬਾਅਦ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਫੌਜ ਦੇ ਜਵਾਨਾਂ ਨੇ ਬਰਫਬਾਰੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਰਗ ਦਾ ਨਿਰੀਖਣ ਵੀ ਕੀਤਾ ਹੈ। ਗੁਰਦੁਆਰਾ ਸਾਹਿਬ ਲਗਭਗ 12 ਤੋਂ 15 ਫੁੱਟ ਤੱਕ ਬਰਫ਼ ਨਾਲ ਢਕਿਆ ਹੋਇਆ ਹੈ। ਗੁਰਦੁਆਰੇ ਦੀ ਪਹਿਲੀ ਮੰਜ਼ਿਲ ਤਾਂ ਪੂਰੀ ਤਰ੍ਹਾਂ ਬਰਫ ਵਿੱਚ ਹੈ ਤੇ ਸਰੋਵਰ ਵੀ ਬਰਫ ਨਾਲ ਢਕਿਆ ਹੋਇਆ ਹੈ। 25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ ਹੋ ਜਾਵੇਗੀ । ਇਸ ਲਈ ਤਿਆਰੀਆਂ ਜੰਗੀ ਪੱਧਰ ਉਪਰ ਚੱਲ ਰਹੀਆਂ ਹਨ। ਬਰਫ਼ ਹਟਾਉਣ ਦਾ ਕੰਮ ਆਮ ਤੌਰ ‘ਤੇ ਭਾਰਤੀ ਫੌਜ ਵੱਲੋਂ ਵੀ ਕੀਤਾ ਜਾਂਦਾ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੇ ਰਾਹ ਉਪਰੋਂ ਬਰਫ ਹਟਾਉਣ ਦਾ ਕੰਮ 20 ਅਪਰੈਲ ਤੋਂ ਸ਼ੁਰੂ ਹੋ ਜਾਏਗਾ । ਭਾਰਤੀ ਫੌਜ ਦੇ ਜਵਾਨ ਬਰਫ ਕੱਟ ਕੇ ਸੰਗਤ ਲਈ ਰਸਤਾ ਤਿਆਰ ਕਰਨ ਲਈ 20 ਅਪ੍ਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚਣਗੇ, ਜੋ 20 ਮਈ ਤੱਕ ਸਮੁੱਚੇ ਰਸਤੇ ਤਿਆਰ ਕਰਨਗੇ। ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਇਹ ਸਾਲਾਨਾ ਯਾਤਰਾ ਇਸ ਵਾਰ 25 ਮਈ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਕਿਵਾੜ 25 ਮਈ ਨੂੰ ਖੋਲ੍ਹੇ ਜਾਣਗੇ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ। ਜਿਸਦੇ ਲਈ ਸੂਬਾ ਸਰਕਾਰ ਵੱਲੋਂ ਸਹਿਮਤੀ ਦੇ ਦਿੱਤੀ ਗਈ ਹੈ।