ਢਾਈ ਸਾਲਾ ਮਾਸੂਮ Dilrose ਨੂੰ ਅੱਜ ਮਿਲ ਸਕਦੈ ਇਨਸਾਫ, ਕਾ.ਤ.ਲ ਗੁਆਂਢਣ ਨੂੰ ਸੁਣਾਈ ਜਾਵੇਗੀ ਸਜ਼ਾ

ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨ ਕਰਨ ਵਾਲੀ ਕਾਤਲ ਗੁਆਂਢਣ ਨੀਲਮ ਨੂੰ ਅੱਜ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਵਿੱਚ ਸਜ਼ਾ ਸੁਣਾਈ ਜਾਵੇਗੀ। ਦੋ ਦਿਨ ਪਹਿਲਾਂ ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੁਝ ਕਾਰਨਾਂ ਕਰਕੇ ਉਸ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ। ਦੱਸ ਦੇਈਏ ਕਿ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ ‘ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ‘ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ। ਬੱਚੀ ਦੀ ਮਾਂ ਨੇ ਮੰਗਲਵਾਰ ਨੂੰ ਅਦਾਲਤ ਦੇ ਬਾਹਰ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ 5 ਮਿੰਟਾਂ ‘ਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ ‘ਚ ਇੰਨਾ ਸਮਾਂ ਲੱਗ ਰਿਹਾ ਹੈ। ਉਸ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ। ਨੀਲਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸੇ ਕਾਰਨ ਉਸ ਨੇ ਦਿਲਰੋਜ਼ ਦਾ ਕਤਲ ਕੀਤਾ। ਪੁਲਿਸ ਰਿਪੋਰਟ ਅਨੁਸਾਰ ਨੀਲਮ ਦੀ ਲੜਕੀ ਦੇ ਪਰਿਵਾਰ ਨਾਲ ਡੂੰਘੀ ਦੁਸ਼ਮਣੀ ਸੀ। ਇਸ ਕਾਰਨ ਉਸ ਨੇ ਇਹ ਘਿਨੌਣਾ ਅਪਰਾਧ ਕੀਤਾ। ਨੀਲਮ ਨੇ ਸਾਵਧਾਨੀ ਨਾਲ ਕਤਲ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ। ਮਾਸੂਮ ਬੱਚੀ ਨੂੰ ਜ਼ਿੰਦਾ ਦਫਨ ਕਰ ਦਿੱਤਾ ਗਿਆ ਅਤੇ ਘਰ ਪਰਤਣ ਤੋਂ ਬਾਅਦ ਉਸ ਨੇ ਸ਼ੱਕ ਤੋਂ ਬਚਣ ਲਈ ਸਾਧਾਰਨ ਵਿਵਹਾਰ ਕੀਤਾ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਅਗਵਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਤਤਕਾਲੀ ਜੁਆਇੰਟ ਸੀਪੀ ਸਿਟੀ ਜੇ ਏਲੈਂਚੇਜਿਅਨ ਜਾਂਚ ਲਈ ਮੌਕੇ ‘ਤੇ ਪਹੁੰਚੇ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਨੀਲਮ ਨੂੰ ਘੇਰ ਲਿਆ ਗਿਆ।ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਨੀਲਮ ਨੇ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਹ ਦਿਲਰੋਜ਼ ਨੂੰ ਐਲਡੀਕੋ ਨੇੜੇ ਇਕ ਖਾਲੀ ਜਗ੍ਹਾ ‘ਤੇ ਲੈ ਗਈ। ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ। ਨੀਲਮ ਦੇ ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ‘ਤੇ ਪਹੁੰਚ ਗਏ ਅਤੇ ਬੱਚੀ ਨੂੰ ਟੋਏ ‘ਚੋਂ ਬਾਹਰ ਕੱਢਿਆ। ਲੜਕੀ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਵਿਰੁੱਧ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਬੱਚੇ ਦੀ ਮੌਤ ਤੋਂ ਬਾਅਦ ਕਤਲ (302) ਅਤੇ ਸਬੂਤ ਨਸ਼ਟ ਕਰਨ (201) ਦੀਆਂ ਵਾਧੂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀੜਤਾ ਦੇ ਮਾਪਿਆਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਪੀਐਸ ਘੁੰਮਣ ਨੇ ਅਦਾਲਤ ਦੇ ਫੈਸਲੇ ਦੀ ਪੁਸ਼ਟੀ ਕੀਤੀ ਕਿ ਨੀਲਮ ਨੂੰ ਬੇਰਹਿਮੀ ਨਾਲ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਲਈ ਕੈਂਡਲ ਮਾਰਚ ਵੀ ਕੱਢਿਆ ਸੀ। ਨੀਲਮ ਤਲਾਕਸ਼ੁਦਾ ਹੈ ਅਤੇ 2015 ਤੋਂ ਆਪਣੇ 2 ਪੁੱਤਰਾਂ ਨਾਲ ਆਪਣੇ ਨਾਨਕੇ ਘਰ ਰਹਿ ਰਹੀ ਸੀ। ਕਤਲ ਤੋਂ ਬਾਅਦ ਸ਼ੁਰੂਆਤੀ ਜਾਂਚ ‘ਚ ਨੀਲਮ ਨੇ ਦੱਸਿਆ ਸੀ ਕਿ ਉਸ ਦੇ ਲੜਕੇ ਸੜਕ ‘ਤੇ ਦੂਜੇ ਬੱਚਿਆਂ ਨਾਲ ਲੜਦੇ ਸਨ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਇਸ ਦੀ ਸ਼ਿਕਾਇਤ ਕੀਤੀ। ਉਦੋਂ ਤੋਂ ਉਹ ਮੰਨਣ ਲੱਗੀ ਕਿ ਹਰ ਕੋਈ ਉਸਦੇ ਅਤੇ ਉਸਦੇ ਬੱਚਿਆਂ ਦੇ ਖਿਲਾਫ ਹੈ। ਨੀਲਮ ਦਿਲਰੋਜ਼ ਦੇ ਪਿਤਾ ਹਰਪ੍ਰੀਤ ਦੇ ਕਥਿਤ ਰੁੱਖੇ ਰਵੱਈਏ ਤੋਂ ਨਾਰਾਜ਼ ਸੀ ਜਿਸ ਨੇ ਉਸ ਦੇ ਬੱਚਿਆਂ ਨੂੰ ਸੜਕ ‘ਤੇ ਖੇਡਣ ਤੋਂ ਰੋਕਿਆ ਸੀ। ਘਟਨਾ ਤੋਂ ਕੁਝ ਦਿਨ ਪਹਿਲਾਂ ਹਰਪ੍ਰੀਤ ਨੇ ਨੀਲਮ ਦੇ ਬੱਚਿਆਂ ਨੂੰ ਝਿੜਕਿਆ ਸੀ, ਜਿਸ ਕਾਰਨ ਉਸ ਨੇ ਇਸੇ ਗੱਲ ਨੂੰ ਲੈ ਕੇ ਲੜਕੀ ਦਿਲਰੋਜ਼ ਦੀ ਹੱਤਿਆ ਕਰਕੇ ਬਦਲਾ ਲੈਣ ਦਾ ਫੈਸਲਾ ਕੀਤਾ ਸੀ।

Leave a Reply

Your email address will not be published. Required fields are marked *