ਗੁਆਂਢਣ ਵੱਲੋਂ ਰੰਜਿਸ਼ ਦੇ ਚੱਲਦਿਆਂ ਮੌਤ ਦੇ ਘਾਟ ਉਤਾਰ ਦਿੱਤੀ ਗਈ ਦਿਲਰੋਜ਼ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਲੜਕੀ ਦਿਲਰੋਜ਼ ਨੂੰ ਇਨਸਾਫ਼ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰਾ ਪਰਿਵਾਰ ਬੱਚੀ ਨੂੰ ਸ਼ਰਧਾਂਜਲੀ ਦੇਣ ਲਈ ਉਸ ਥਾਂ ‘ਤੇ ਪਹੁੰਚਿਆ ਜਿੱਥੇ ਕਾਤਲ ਨੀਲਮ ਨੇ ਉਸ ਨੂੰ ਜ਼ਿੰਦਾ ਦਬਾ ਕੇ ਮਾਰ ਦਿੱਤਾ ਸੀ। ਹੱਥਾਂ ਵਿੱਚ ਦਿਲਰੋਜ਼ ਦੀ ਫੋਟੋ ਲੈ ਕੇ ਉਸ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਤੋਂ ਇਲਾਵਾ ਆਂਢ-ਗੁਆਂਢ, ਰਿਸ਼ਤੇਦਾਰ ਅਤੇ ਸਕੇ-ਸਬੰਧੀ ਵੀ ਪਹੁੰਚੇ, ਜਿਨ੍ਹਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿਲਰੋਜ਼ ਨੂੰ ਸ਼ਰਧਾਂਜਲੀ ਦਿੱਤੀ। ਮਾਪੇ ਉਥੇ ਦੀ ਮਿੱਟੀ ਨੂੰ ਚੁੰਮ-ਚੁੰਮ ਰੋਏ। ਪਰਿਵਾਰ ਦਾ ਕਹਿਣਾ ਹੈ ਕਿ ਵਾਹਿਗੁਰੂ ਦਿਲਰੋਜ਼ ਨੂੰ ਸਾਡੇ ਘਰ ਮੁੜ ਤੋਂ ਲੈ ਕੇ ਆਵੇ ਕਿ ਸਾਡਾ ਘਰ ਖੁਸ਼ੀਆਂ ਨਾਲ ਭਰ ਜਾਏ। ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਲੁਧਿਆਣਾ ਕੋਰਟ ਨੇ ਦਿਲਰੋਜ਼ ਦੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਨਸਾਫ਼ ਮਿਲਣ ਤੋਂ ਬਾਅਦ ਅੱਜ ਪਰਿਵਾਰ ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਆਇਆ ਸੀ। ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਦੁੱਖ ਨੂੰ ਕਦੇ ਨਹੀਂ ਭੁੱਲ ਸਕਦੇ। ਉਸ ਨੇ ਕਿਹਾ ਕਿ ਅੱਜ ਵੀ ਉਹ ਆਪਣੇ ਬੇਟੇ ਲਈ ਬਾਜ਼ਾਰ ਵਿੱਚੋਂ ਜੋ ਵੀ ਸਾਮਾਨ ਲੈਂਦਾ ਹੈ, ਉਹੀ ਆਪਣੀ ਧੀ ਦਿਲਰੋਜ਼ ਲਈ ਵੀ ਖਰੀਦਦਾ ਹੈ। ਦਿਲਰੋਜ਼ ਦੀ ਮਾਂ ਨੇ ਦੱਸਿਆ ਕਿ ਉਹ ਅੱਜ ਵੀ ਦਿਲਰੋਜ਼ ਨੂੰ ਬਹੁਤ ਪਿਆਰ ਕਰਦੀ ਹੈ, ਭਾਵੇਂ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੈ ਪਰ ਉਸ ਨੇ ਦਿਲਰੋਜ਼ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਵੀ ਪਹੁੰਚੇ ਅਤੇ ਉਨ੍ਹਾਂ ਨੇ ਦਿਲਰੋਜ਼ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੁਖੀ ਪਰਿਵਾਰ ਨੂੰ ਦਿਲਾਸਾ ਦਿੱਤਾ।