ਬਰਨਾਲਾ – ਚੰਡੀਗੜ੍ਹ ਮੁੱਖ ਮਾਰਗ ‘ਤੇ ਧਨੌਲਾ ਨਜ਼ਦੀਕ ਇੱਕ ਪ੍ਰਾਈਵੇਟ ਸਕੂਲ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ‘ਚ 14 ਬੱਚੇ ਜ਼ਖਮੀ ਹੋ ਗਏ ਹਨ ,ਜਿਨਾਂ ਨੂੰ ਰਾਹਗੀਰਾਂ ਵੱਲੋਂ ਐਂਬੂਲੈਂਸ ਦੀ ਮਦਦ ਸਦਕਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗ੍ਰੀਨ ਫੀਲਡ ਕੌਨਵੈਂਟ ਸਕੂਲ ਦਾਨਗੜ ਦੀ ਸਕੂਲੀ ਬੱਸ ਪਿੰਡ ਪੰਧੇਰ ਤੋਂ ਚੱਲ ਕੇ ਵੱਖ- ਵੱਖ ਪਿੰਡਾਂ ਵਿੱਚੋਂ ਬੱਚੇ ਲੈ ਕੇ ਪਿੰਡ ਦਾਨਗੜ ਜਾ ਰਹੀ ਸੀ। ਜਿਵੇਂ ਹੀ ਬੱਸ ਧਨੌਲਾ -ਭੱਠਲਾਂ ਰੋਡ ‘ਤੇ ਪਹੁੰਚੀ ਤਾਂ ਸਕੂਲੀ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬਿਲਕੁੱਲ ਚਕਨਾਚੂਰ ਹੋ ਗਿਆ। ਬੱਸ ਦੇ ਡਰਾਈਵਰ ਅਤੇ ਮਹਿਲਾ ਹੈਲਪਰ ਸਮੇਤ 14 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਅਤੇ ਪੁਲਿਸ ਪਾਰਟੀ ਨੇ ਐਮਬੂਲੈਂਸ ਅਤੇ ਵੱਖ ਵੱਖ ਸਾਧਨਾ ਰਾਹੀ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਹਾਜਰ ਐਮਰਜੈਂਸੀ ਡਾਕਟਰ ਮਹਿਤਾ ਵੱਲੋਂ ਆਪਣੀ ਟੀਮ ਸਮੇਤ ਚੈੱਕਅਪ ਕੀਤਾ, ਜਿਸ ਵਿਚੋਂ ਚਾਰ ਗੰਭੀਰ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ। ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੂਲੀ ਬੱਸ ਦੀ ਰਫਤਾਰ ਜਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।