ਕਾਂਗਰਸ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ‘ਵੰਡਪਾਊ ਅਤੇ ਬਦਨਾਮ’ ਬਿਆਨ ਦੇ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਠੋਸ ਕਾਰਵਾਈ ਕਰੇ। ਪਾਰਟੀ ਦਾ ਇਕ ਵਫ਼ਦ ਚੋਣ ਕਮਿਸ਼ਨ ਪਹੁੰਚਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ ਅਤੇ ਕੁੱਝ ਹੋਰ ਵਿਸ਼ਿਆਂ ਬਾਰੇ ਸ਼ਿਕਾਇਤ ਕੀਤੀ। ਵਫ਼ਦ ਵਿਚ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਅਤੇ ਗੁਰਦੀਪ ਸੱਪਲ ਸ਼ਾਮਲ ਸਨ। ਉਨ੍ਹਾਂ ਕਿਹਾ, “ਅਸੀਂ ਕੁੱਲ 17 ਸ਼ਿਕਾਇਤਾਂ ਕੀਤੀਆਂ ਹਨ। ਇਹ ਸਾਰੀਆਂ ਸ਼ਿਕਾਇਤਾਂ ਗੰਭੀਰ ਹਨ ਅਤੇ ਦੇਸ਼ ਦੇ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ‘ਤੇ ਹਮਲਾ ਕਰਦੀਆਂ ਹਨ। ਸਾਨੂੰ ਉਮੀਦ ਹੈ ਕਿ ਜਲਦੀ ਤੋਂ ਜਲਦੀ ਠੋਸ ਅਤੇ ਸਪੱਸ਼ਟ ਕਦਮ ਚੁੱਕੇ ਜਾਣਗੇ। ” ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਇਹ ਟਿੱਪਣੀ ਉਨ੍ਹਾਂ ਦੇ ‘ਐਕਸ’ ਹੈਂਡਲ ‘ਤੇ ਵੀ ਸ਼ੇਅਰ ਕੀਤੀ ਗਈ ਹੈ। ਮੈਂ ਇਸ ਨੂੰ ਦੁਹਰਾਵਾਂਗਾ ਨਹੀਂ, ਕਿਉਂਕਿ ਇਹ ਭੱਦੀ ਹੈ। ਇਸ ਵਿਚ ਇਕ ਭਾਈਚਾਰੇ ਦਾ ਨਾਮ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਭਾਈਚਾਰਾ ਸਰੋਤਾਂ ‘ਤੇ ਕਬਜ਼ਾ ਕਰੇਗਾ। ਉਸ ਭਾਈਚਾਰੇ ਨੂੰ ਘੁਸਪੈਠੀਏ ਦਸਿਆ ਗਿਆ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠੇ ਵਿਅਕਤੀ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾ 123 ਦੀ ਉਲੰਘਣਾ ਕੀਤੀ ਹੈ। ਭਾਰਤੀ ਸੰਵਿਧਾਨ ਦੀ ਮਰਿਆਦਾ ‘ਤੇ ਹਮਲਾ ਕੀਤਾ ਗਿਆ ਹੈ। ‘ ਉਨ੍ਹਾਂ ਕਿਹਾ ਕਿ ਭਾਰਤ, ਸੰਵਿਧਾਨ, ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਦਾ ਸਵਾਲ ਹੈ। ਅਪਣੇ ਮੰਗ ਪੱਤਰ ‘ਚ ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਟਿੱਪਣੀ ਨੂੰ ਵੰਡਪਾਊ ਅਤੇ ਬਦਨਾਮ ਕਰਾਰ ਦਿਤਾ ਹੈ। ਮੋਦੀ ਨੇ ਐਤਵਾਰ ਨੂੰ ਰਾਜਸਥਾਨ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਕਾਂਗਰਸ ਕੇਂਦਰ ‘ਚ ਸੱਤਾ ‘ਚ ਆਉਂਦੀ ਹੈ ਤਾਂ ਲੋਕਾਂ ਦੀ ਜਾਇਦਾਦ ਖੋਹ ਕੇ ਮੁਸਲਮਾਨਾਂ ‘ਚ ਵੰਡ ਦੇਵੇਗੀ। ਮੋਦੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਉਸ ਟਿੱਪਣੀ ਦਾ ਹਵਾਲਾ ਦੇ ਰਹੇ ਸਨ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਸਰੋਤਾਂ ‘ਤੇ ਘੱਟ ਗਿਣਤੀ ਭਾਈਚਾਰੇ ਦਾ ਪਹਿਲਾ ਅਧਿਕਾਰ ਹੈ। ਕਾਂਗਰਸ ਨੇ ਸੂਰਤ ਵਿਚ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਅਤੇ ਭਾਜਪਾ ਤੋਂ ਇਲਾਵਾ ਹੋਰ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਮਾਮਲਾ ਵੀ ਚੋਣ ਕਮਿਸ਼ਨ ਕੋਲ ਉਠਾਇਆ ਅਤੇ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ। ਸਿੰਘਵੀ ਨੇ ਕਿਹਾ ਕਿ ਸੂਰਤ ਵਿਚ ਚੋਣਾਂ ਮੁਲਤਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੀਂ ਤਰੀਕ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਨੇ ਭਾਜਪਾ ‘ਤੇ ਵੋਟਾਂ ਮੰਗਣ ਲਈ ਸੋਸ਼ਲ ਮੀਡੀਆ ਹੈਂਡਲ ‘ਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰਨ ਦਾ ਵੀ ਦੋਸ਼ ਲਾਇਆ। ਪਾਰਟੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਚ ਵੀ ਕਾਰਵਾਈ ਕਰਨੀ ਚਾਹੀਦੀ ਹੈ।