ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ ਨੇੜੇ ਹੋਏ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ ਦੇ ਅਚਾਨਕ ਅੱਗੇ ਆ ਜਾਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਤੋਂ ਬਾਅਦ ਦੋ ਵਿਦਿਆਰਥੀ ਸੜਕ ‘ਤੇ ਡਿੱਗ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ 18 ਸਾਲਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਜੋਂ ਹੋਈ ਹੈ। ਨੌਜਵਾਨ ਏਪੀਜੇ ਨਰਸਿੰਗ ਕਾਲਜ ਵਿਖੇ ਨਰਸਿੰਗ ਦੀ ਪੜ੍ਹਾਈ ਕਰਦਾ ਸੀ ਅਤੇ ਦੋ ਮਹੀਨੇ ਦੀ ਟਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਅਜੇ ਪੁੱਤਰ ਰਾਜੂ ਵਾਸੀ ਪਿੰਡ ਜੈਨ ਪੁਰ ਨਾਲ ਪੀਬੀ 08 ਈਸੀ 6926 ਮੋਟਰਸਾਈਕਲ ‘ਤੇ ਕਾਲਜ ਮਲਸੀਆਂ ਜਾ ਰਿਹਾ ਸੀ। ਜਦੋਂ ਉਹ ਡੱਲਾ ਰੋਡ ਨੇੜੇ ਇਕ ਪਟਰੌਲ ਪੰਪ ਕੋਲ ਪੁੱਜਾ ਤਾਂ ਅੱਗੇ ਤੋਂ ਅਚਾਨਕ ਇੱਕ ਟਿੱਪਰ ਆ ਗਿਆ। ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਹੇਠਾਂ ਡਿੱਗਦਿਆਂ ਹੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।