ਲੁਧਿਆਣਾ ਦੇ ਰਾਹੋਂ ਰੋਡ ‘ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਔਰਤ ਐਕਟਿਵਾ ‘ਤੇ ਘਰ ਤੋਂ ਦੁਕਾਨ ਵੱਲ ਜਾ ਰਹੀ ਸੀ। ਅਚਾਨਕ ਉਹ ਤੇਜ਼ ਰਫ਼ਤਾਰ ਟਿੱਪਰ ਅਤੇ ਆਟੋ ਵਿਚਕਾਰ ਫਸ ਗਈ। ਐਕਟਿਵਾ ਦਾ ਸੰਤੁਲਨ ਵਿਗੜਨ ‘ਤੇ ਔਰਤ ਐਕਟਿਵਾ ਟਿੱਪਰ ਦੇ ਹੇਠਾਂ ਆ ਗਈ। ਟਿੱਪਰ ਦਾ ਪਿਛਲਾ ਟਾਇਰ ਉਸ ਦੇ ਮੂੰਹ ਵਿਚ ਜਾ ਵੱਜਿਆ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੁਮਨ ਵਾਸੀ ਰਾਹੋਂ ਰੋਡ ਵਜੋਂ ਹੋਈ ਹੈ। ਸੁਮਨ 2 ਬੱਚਿਆਂ ਦੀ ਮਾਂ ਸੀ। ਔਰਤ ਦੇ ਦਿਉਰ ਅਸ਼ਵਨੀ ਨੇ ਦੱਸਿਆ ਕਿ ਉਸ ਦੀ ਭਰਜਾਈ ਕਰਿਆਨੇ ਦੀ ਦੁਕਾਨ ਕਰਦੀ ਹੈ। ਟਿੱਪਰ ਚਾਲਕ ਅਤੇ ਆਟੋ ਚਾਲਕ ਦੋਵੇਂ ਫ਼ਰਾਰ ਹਨ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਹ ਸਾਰੀ ਘਟਨਾ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ASI ਗੁਰਮੁੱਖ ਸਿੰਘ ਤੋਂ ਲਾਸ਼ ਬਾਰੇ ਜਾਣਕਾਰੀ ਲੈਣ ਦੀ ਜਦੋਂ ਪੱਤਰਕਾਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਟਿੱਬਾ ਖੇਤਰ ‘ਚ ਖੁੱਲ੍ਹੇਆਮ ਚੱਲ ਰਹੇ ਰੇਤ ਦੇ ਟਿੱਪਰ ਦੇ ਸਵਾਲ ‘ਤੇ ਏ.ਐੱਸ.ਆਈ. ਭੜਕ ਗਿਆ।