ਵਿਕਰਮ ਸਿੰਘ ਚੌਧਰੀ ਨੂੰ ਕਾਂਗਰਸ ਹਾਈ ਕਮਾਂਡ ਨੇ ਕੀਤਾ ਪਾਰਟੀ ਤੋਂ ਸਸਪੇੰਡ

ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਿਰੁਧ ਕਾਂਗਰਸ ਨੇ ਵੱਡੀ ਕਾਰਵਾਈ ਕੀਤੀ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿਤਾ ਗਿਆ ਹੈ। ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਵਿਧਾਇਕ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ, “ਪਾਰਟੀ ਦੀ ਗਾਈਡਲਾਈਨ ਤੋਂ ਹਟ ਕੇ ਤੁਹਾਡੇ ਵਲੋਂ ਦਿਤੇ ਗਏ ਬਿਆਨ, ਤੁਹਾਡੇ ਅਹੁਦੇ ਦੀ ਗਰਿਮਾ ਦੇ ਅਨੁਸਾਰ ਨਹੀਂ ਹਨ। ਜਿਸ ਕਾਰਨ ਪਾਰਟੀ ਸੰਗਠਨ ਦਾ ਅਕਸ ਖਰਾਬ ਹੋ ਰਿਹਾ ਹੈ ਅਤੇ ਜਨਤਾ ਅਤੇ ਕਾਂਗਰਸੀ ਵਰਕਰਾਂ ਵਿਚ ਗਲਤ ਸੰਦੇਸ਼ ਜਾ ਰਿਹਾ ਹੈ। ਤੁਹਾਨੂੰ ਨਿੱਜੀ ਤੌਰ ‘ਤੇ ਦਿਤੀਆਂ ਗਈਆਂ ਕਈ ਚਿਤਾਵਨੀਆਂ ਦੇ ਬਾਵਜੂਦ, ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਤੁਹਾਡਾ ਵਿਵਹਾਰ ਜਾਰੀ ਹੈ। ਇਸ ਲਈ, ਜਦੋਂ ਤਕ ਇਸ ਮਾਮਲੇ ਵਿਚ ਅਗਲੀ ਕਾਰਵਾਈ ਨਹੀਂ ਕੀਤੀ ਜਾਂਦੀ, ਤੁਹਾਨੂੰ ਹੁਣ ਤੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿਤਾ ਜਾਂਦਾ ਹੈ ਅਤੇ ਅਗਲੇ ਹੁਕਮਾਂ ਤਕ ਪਾਰਟੀ ਤੋਂ ਮੁਅੱਤਲ ਕਰ ਦਿਤਾ ਜਾਂਦਾ ਹੈ। ਦੱਸ ਦੇਈਏ ਕਿ ਬਿਕਰਮਜੀਤ ਸਿੰਘ ਚੌਧਰੀ ਦੇ ਮਾਤਾ ਕਰਮਜੀਤ ਕੌਰ ਚੌਧਰੀ ਬੀਤੇ ਦਿਨੀਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਜਲੰਧਰ ਤੋਂ ਟਿਕਟ ਨਾ ਮਿਲਣ ਕਾਰਨ ਚੌਧਰੀ ਪਰਿਵਾਰ ਕਾਂਗਰਸ ਤੋਂ ਕਾਫੀ ਨਾਰਾਜ਼ ਸੀ। ਕੱਲ੍ਹ ਅਪਣੇ ਭਾਸ਼ਣ ਵਿਚ ਚੰਨੀ ਨੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਦੁਰਯੋਧਨ ਕਿਹਾ ਸੀ ਅਤੇ ਕਿਹਾ ਸੀ ਕਿ ਚੌਧਰੀ ਪਰਿਵਾਰ ਨੂੰ ਤਬਾਹ ਕਰਨ ਵਿਚ ਬਿਕਰਮਜੀਤ ਦਾ ਹੱਥ ਹੈ। ਸੰਤੋਖ ਸਿੰਘ ਚੌਧਰੀ ਭਾਰਤ ਜੋੜੋ ਯਾਤਰਾ ਵਿਚ ਨਹੀਂ ਮਾਰੇ ਗਏ ਸਨ, ਉਹ ਕਰਮਜੀਤ ਕੌਰ ਦੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਮਾਰੇ ਗਏ ਸਨ। ਇਸ ਦਾ ਜਵਾਬ ਦਿੰਦੇ ਹੋਏ ਬਿਕਰਮਜੀਤ ਚੌਧਰੀ ਨੇ ਚੰਨੀ ਨੂੰ ਸ਼ਕੁਨੀ ਚਾਚਾ ਕਹਿ ਕੇ ਬੁਲਾਇਆ ਸੀ। ਹਾਲਾਂਕਿ ਚੰਨੀ ਨੇ ਇਸ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਪਰ ਹੁਣ ਹਾਈਕਮਾਂਡ ਨੇ ਬਿਕਰਮਜੀਤ ਚੌਧਰੀ ਵਿਰੁਧ ਕਾਰਵਾਈ ਕਰਦਿਆਂ ਵਿਧਾਇਕ ਨੂੰ ਮੁਅੱਤਲ ਕਰ ਦਿਤਾ ਹੈ।

Leave a Reply

Your email address will not be published. Required fields are marked *